ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਛੱਪੜ ਦੀ ਸੁਧਾਈ ਦੇ ਕੰਮ ਦੀ ਸ਼ੁਰੂਆਤ

ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਛੱਪੜ ਦੀ ਸੁਧਾਈ ਦੇ ਕੰਮ ਦੀ ਸ਼ੁਰੂਆਤ

20 ਲੱਖ ਰੁਪਏ ਦੀ ਲਾਗਤ ਨਾਲ ਕੰਮ ਹੋਵੇਗਾ ਮੁਕੰਮਲ, ਕਿਸਾਨਾਂ ਨੂੰ ਸਿੰਚਾਈ ਲਈ ਮਿਲੇਗਾ ਪਾਣੀ

ਡਾ. ਰਵਜੋਤ ਸਿੰਘ ਵੱਲੋਂ ਪਿੰਡ ’ਚ ਸੋਲਰ ਲਾਈਟਾਂ ਲਈ ਗਰਾਂਟ ਦੇਣ ਦਾ ਐਲਾਨ

ਛੱਪੜ ਦਾ ਚੌਗਿਰਦਾ ਹੋਵੇਗਾ ਸੁੰਦਰ ਤੇ ਸਵੱਛ, ਲੋਕਾਂ ਨੂੰ ਮਿਲੇਗੀ ਸਹੂਲਤ-ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ

ਕੰਧਾਲੀ ਨਾਰੰਗਪੁਰ (ਟਾਂਡਾ), 5 ਅਪ੍ਰੈਲ..ਰਾਜ ਸਭਾ ਮੈਂਬਰ ਅਤੇ ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਸਾਂਝੇ ਤੌਰ ’ਤੇ ਪਿੰਡ ਕੰਧਾਲੀ ਨਾਰੰਗਪੁਰ ਵਿਖੇ ਛੱਪੜ ਦੇ ਪਾਣੀ ਨੂੰ ਸੋਧ ਕੇ ਸਿੰਚਾਈ ਲਈ ਵਰਤਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆ ਕਿਹਾ ਕਿ ਆਉਂਦੇ 6 ਮਹੀਨਿਆਂ ਵਿੱਚ ਇਹ ਕੰਮ ਮੁਕੰਮਲ ਹੋਣ ਨਾਲ ਪਿੰਡ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ।

ਛੱਪੜ ਦੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਉਪਰੰਤ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਛੱਪੜ ਦੀ ਸੁਧਾਈ ਸੀਚੇਵਾਲ ਮਾਡਲ ’ਤੇ ਅਧਾਰਿਤ ਹੋਵੇਗੀ ਜਿਸ ਤਹਿਤ ਭੂਮੀ ਰੱਖਿਆ ਵਿਭਾਗ ਦੀ ਮੁਹਾਰਤ ਰਾਹੀਂ ਪਾਈਪਾਂ ਵਿਛਾਕੇ ਸਿੰਚਾਈ ਲਈ ਪਾਣੀ ਦੀ ਵਰਤੋ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕੰਮ 20 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ ਜਿਸ ਵਿੱਚ 10 ਲੱਖ ਰੁਪਏ ਦੀ ਗ੍ਰਾਂਟ ਉਨ੍ਹਾਂ ਦੇ ਅਖਤਿਆਰੀ ਫੰਡ ਅਤੇ 10 ਲੱਖ ਰੁਪਏ ਮਨਰੇਗਾ ਫੰਡਾਂ ਵਿੱਚੋ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਸੀਚੇਵਾਲ ਮਾਡਲ ਛੱਪੜਾਂ ਦੀ ਦਿੱਖ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਉਣ ਦੇ ਨਾਲ-ਨਾਲ ਪਿੰਡਾਂ ਦੀ ਨੁਹਾਰ ਬਦਲਣ ਵਿੱਚ ਬੇਹੱਦ ਕਾਰਗਰ ਮਾਡਲ ਹੈ ਜਿਹੜਾ ਕਿ ਮੌਜੂਦਾ ਸਮੇਂ 250 ਦੇ ਕਰੀਬ ਪਿੰਡਾਂ ਵਿੱਚ ਸਫਲਤਾਪੂਰਵਕ ਚੱਲ ਰਿਹਾ ਹੈ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੀਚੇਵਾਲ ਮਾਡਲ ਨੂੰ ਅਪਨਾਉਣ ਨਾਲ ਉਹ ਹੋਰ ਵੀ ਪਿੰਡਾਂ ਵਿੱਚ ਲੋੜ ਅਨੁਸਾਰ ਇਸਦੀ ਸਥਾਪਤੀ ਕਰਵਾਕੇ ਕਿਸਾਨਾਂ ਨੂੰ ਸਿੰਚਾਈਯੋਗ ਪਾਣੀ ਮੁਹੱਈਆ ਕਰਵਾਇਆ ਜਾਵੇਗਾ।

ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਰਾਜ ਸਭਾ ਮੈਂਬਰ, ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸ਼ਹਿਰਾਂ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਠੋਸ ਉਪਰਾਲੇ ਕਰ ਰਹੀ ਹੈ, ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪੇਸ਼ ਕੀਤੇ ਬਜਟ ਵਿੱਚ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਲਈ 14.524 ਕਰੋੜ ਰੁਪਏ ਰੱਖੇ ਗਏ ਹਨ ਜੋ ਕਿ ਪਿਛਲੇ ਸਾਲ ਨਾਲੋ 5 ਫੀਸਦੀ ਵੱਧ ਹਨ, ਇਸੇ ਤਰ੍ਹਾਂ ਕੰਢੀ ਖੇਤਰ ਵਿੱਚ ਬਾਗਬਾਨੀ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਖਾਕਾ ਤਿਆਰ ਕੀਤਾ ਜਾ ਚੁੱਕਾ ਹੈ ਅਤੇ ਇਸ ਖੇਤਰ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਜਿਲਿ੍ਹਆਂ ਲਈ ਚਾਲੂ ਵਿੱਤੀ ਸਾਲ ਦੌਰਾਨ 137 ਕਰੋੜ ਰੁਪਏ ਬਜਟ ਦੀ ਵਿਵਸਥਾ ਕੀਤੀ ਗਈ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਸਾਹਿਬਜਾਦਾ ਅਜੀਤ ਸਿੰਘ ਨਗਰ ਅਤੇ ਪਠਾਨਕੋਟ ਜਿਲਿ੍ਹਆਂ ਦੇ ਵਿੱਚ 40 ਡੂੰਘੇ ਟਿਊਬਵੈੱਲ ਅਤੇ ਸਤਲੁਜ, ਬਿਆਸ ਤੇ ਰਾਵੀ ਨਹਿਰਾਂ ਨੇੜੇ 167 ਛੋਟੇ ਟਿਊਬਵੈੱਲ ਲਗਾਉਣ ਦੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ 85 ਕਰੋੜ ਰੁਪਏ ਦੀ ਲਾਗਤ ਨਾਲ ਇਸ ਉਪਰਾਲੇ ਤਹਿਤ 7877 ਹੈਕਟੇਅਰ ਖੇਤੀਬਾੜੀ ਵਾਲੀ ਜ਼ਮੀਨ ਵਿੱਚ ਸਿੰਚਾਈ ਨੂੰ ਨਵੀਂ ਮਜ਼ਬੂਤੀ ਮਿਲੇਗੀ ਅਤੇ ਪਾਣੀ ਦੀ ਘਾਟ ਵਾਲੇ ਖੇਤਰਾਂ ਵਿੱਚ ਕਿਸਾਨਾਂ ਨੂੰ ਬੇਹਤਰ ਪਾਣੀ ਸਪਲਾਈ ਯਕੀਨੀ ਹੋਵੇਗੀ। ਉਨ੍ਹਾਂ ਕਿਹਾ ਕਿ ਪਿੰਡ ਕੰਧਾਲੀ ਨਾਰੰਗਪੁਰ ਵਿਖੇ ਛੱਪੜ ਦਾ ਕੰਮ ਪੂਰਾ ਹੋਣ ’ਤੇ ਛੱਪੜ ਨੂੰ ਨਵੀਂ ਅਤੇ ਸਵੱਛ ਦਿੱਖ ਮਿਲੇਗੀ ਜੋ ਕਿ ਹੋਰਨਾਂ ਖੇਤਰਾਂ ਲਈ ਵੀ ਮਿਸਾਲ ਹੋਵੇਗੀ।

ਪਿੰਡ ਵਾਸੀਆਂ ਦਾ ਮੰਗ ’ਤੇ ਡਾ. ਰਵਜੋਤ ਸਿੰਘ ਨੇ ਪਿੰਡ ਵਿੱਚ ਸੋਲਰ ਲਾਈਟਾਂ ਲਗਵਾਉਣ ਲਈ 3 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਵੀ ਕੀਤਾ।

ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਛੱਪੜ ਦੇ ਚੌਗਿਰਦੇ ਨੂੰ ਸੁੰਦਰ ਬਣਾ ਕੇ ਫੁੱਲ-ਬੂਟੇ ਲਾਏ ਜਾਣਗੇ ਜਿੱਥੇ ਪਿੰਡ ਵਾਸੀ ਸਵੇਰ-ਸ਼ਾਮ ਸੈਰ ਆਦਿ ਦੀ ਸਹੂਲਤ ਦਾ ਆਨੰਦ ਮਾਣ ਸਕਣਗੇ, ਉਨ੍ਹਾਂ ਦੱਸਿਆ ਕਿ ਪਿੰਡ ਦੇ ਵਿਕਾਸ ਲਈ 15.35 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ-ਨਾਲੀਆਂ, ਗੰਦੇ ਪਾਣੀ ਦੇ ਨਿਕਾਸ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਨੂੰ ਹੋਰ ਵਧੀਆ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਲਕੇ ਦੇ ਪਿੰਡਾਂ ਵਿੱਚ ਨਾਗਰਿਕਾਂ ਦੀ ਸਹੂਲਤ ਲਈ ਵੱਖ-ਵੱਖ ਵਿਕਾਸ ਕਾਰਜਾਂ ਨੂੰ ਅਮਲੀਜਾਮਾ ਪਹਿਨਾਇਆ ਜਾ ਰਿਹਾ ਹੈ ਅਤੇ ਆਉਂਦੇ ਸਮੇਂ ਵਿੱਚ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਵਿੱਚ ਯੂਥ ਕਲੱਬ ਅਤੇ ਔਰਤਾਂ ਦੀਆਂ ਸੰਸਥਾਵਾਂ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸੰਸਥਾਵਾਂ ਨੂੰ ਲੋੜੀਦੀ ਫੰਡ ਜਾਰੀ ਕਰਕੇ ਪੇਂਡੂ ਵਿਕਾਸ ਨੂੰ ਨਵੀਂ ਗਤੀ ਦਿੱਤੀ ਜਾ ਸਕੇ। ਉਨ੍ਹਾਂ ਨੇ ਰਾਜ ਸਭਾ ਮੈਂਬਰ ਅਤੇ ਕੈਬਨਿਟ ਮੰਤਰੀ ਵੱਲੋਂ ਪ੍ਰੋਜੈਕਟ ਦੀ ਸ਼ੁਰੂਆਤ ਲਈ ਧੰਨਵਾਦ ਕੀਤਾ।

ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ, ਐੱਸ.ਡੀ.ਐੱਮ. ਪੰਕਜ ਬਾਂਸਲ, ਬਲਾਕ ਪ੍ਰਧਾਨ ਕੇਸ਼ਵ ਸੈਣੀ,  ਰਘੂਵੀਰ ਹੇਜ਼ਮਾ, ਭਜਨ ਸਿੰਘ ਨੈਣੋਵਾਲ, ਸੁਖਵਿੰਦਰ ਸਿੰਘ ਝਾਵਰ, ਜਰਨੈਲ ਸਿੰਘ ਕੁਰਾਲਾ, ਗੋਲਡੀ ਨਰਵਾਲ, ਬਲਜਿੰਦਰ ਕੌਰ, ਬੂਟਾ ਸਿੰਘ ਨੰਬਰਦਾਰ, ਦਲਜੀਤ ਸਿੰਘ, ਸੁਖਵਿੰਦਰ ਸਿੰਘ ਸੋਢੀ, ਰਮਿੰਦਰ ਸਿੰਘ, ਸੁਖਵਿੰਦਰ ਸਿੰਘ ਹੀਰ, ਕੁੱਕੂ ਸੈਣੀ, ਕੁਲਵਿੰਦਰ ਕੌਰ ਆਦਿ ਵੀ ਮੌਜੂਦ ਸਨ।

ਕੈਪਸ਼ਨ- ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ, ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਅਤੇ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਛੱਪੜ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਦੇ ਹੋਏ