ਲੂ ਤੋ ਬਚਾਅ ਲਈ ਰਹੋ ਸਾਵਧਾਨ, ਗਰਭਵਤੀ ਔਰਤਾਂ, ਬੱਚਿਆਂ ਅਤੇ ਬਜੁਰਗਾਂ ਦਾ ਰੱਖੋ ਵਿਸ਼ੇਸ਼ ਧਿਆਨ : ਸਿਵਲ ਸਰਜਨ ਡਾ. ਗੁਰਮੀਤ ਲਾਲ
ਜਲੰਧਰ (09-04-2025): ਮੌਸਮ ਵਿਭਾਗ ਵਲੋਂ ਤਾਪਮਾਨ ਵਿੱਚ ਹੋਣ ਵਾਲੇ ਵਾਧੇ ਸਬੰਧੀ ਲਗਾਏ ਅਨੁਮਾਨ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਬੀਤੇ ਦਿਨੀਂ ਗਰਮੀ ਅਤੇ ਲੂ ਤੋਂ ਲੋਕਾਂ ਨੂੰ ਬਚਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤਾਂ ਜੋ ਲੋਕ ਵਧੇਰੇ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਅ ਸਕਣ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਦੱਸਿਆ ਗਿਆ ਕਿ ਇਸ ਵਾਰ ਸ਼ੁਰੂਆਤ ਵਿੱਚ ਹੀ ਤਾਪਮਾਨ ਵਿੱਚ ਆਈ ਤੇਜੀ ਕਾਰਨ ਗਰਮੀ ਬਹੁਤ ਵੱਧ ਗਈ ਹੈ, ਇਸ ਲਈ ਗਰਮੀ ਦੀ ਲਹਿਰ (ਹੀਟ ਵੇਵ) ਦੀ ਸਥਿਤੀ ਬਣਨ ‘ਤੇ ਲੋਕਾਂ ਨੂੰ ਲੂ ਤੋਂ ਬਚਣ ਲਈ ਵਧੇਰੇ ਚੌਕਸ ਰਹਿਣ ਦੀ ਲੋੜ ਹੈ ਅਤੇ ਗਰਭਵਤੀ ਔਰਤਾਂ, ਬੱਚਿਆਂ ਅਤੇ ਬਜੁਰਗਾਂ ਦੀ ਸਿਹਤ ਦਾ ਵਿਸ਼ੇਸ਼ ਤੌਰ ‘ਤੇ ਧਿਆਨ ਰੱਖਣਾ ਚਾਹੀਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਗਰਮੀਆਂ ਵਿੱਚ ਗਰਮੀ ਦੀ ਲਹਿਰ ਕਾਰਨ ਡੀਹਾਈਡਰੇਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਸਮੇਂ-ਸਮੇਂ ‘ਤੇ ਪਾਣੀ ਪੀਂਦੇ ਰਹੋ, ਜਿਸ ਨਾਲ ਸਰੀਰ ਹਾਈਡ੍ਰੇਟ ਬਣਿਆ ਰਹੇ। ਇਸ ਮੌਸਮ ਵਿੱਚ ਹਰ ਰੋਜ਼ ਘੱਟ ਤੋਂ ਘੱਟ 8-10 ਗਲਾਸ ਪਾਣੀ ਦੇ ਪੀਣੇ ਚਾਹੀਦੇ ਹਨ। ਆਪਣੀ ਖੁਰਾਕ ‘ਚ ਭਰਪੂਰ ਮਾਤਰਾ ‘ਚ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ। ਪਤਲੇ ਢਿੱਲੇ, ਸੂਤੀ ਕੱਪੜੇ ਪਹਿਨੋ, ਹਲਕੇ ਰੰਗ ਦੇ ਕੱਪੜੇ ਪਹਿਨਣ ਨੂੰ ਤਰਜੀਹ ਦਿਓ। ਜਦੋਂ ਵੀ ਗਰਮੀ ਦੀ ਲਹਿਰ ਹੋਵੇ ਤਾਂ ਸਿੱਧੀ ਧੁੱਪ ਵਿਚ ਜਾਣ ਤੋਂ ਬਚੋ। ਜੇਕਰ ਤੁਸੀਂ ਕਿਸੇ ਕਾਰਨ ਬਾਹਰ ਜਾ ਰਹੇ ਹੋ ਤਾਂ ਵੀ ਟੋਪੀ, ਤੌਲੀਆ ਅਤੇ ਐਨਕਾਂ ਦੀ ਵਰਤੋਂ ਕਰਨਾ ਨਾ ਭੁੱਲੋ।
ਸਿਵਲ ਸਰਜਨ ਵੱਲੋਂ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਗਿਆ ਕਿ ਵੱਧ ਰਹੀ ਗਰਮੀ ਨੂੰ ਦੇਖਦੇ ਹੋਏ ਇਸ ਸਮੇਂ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਵਿਸ਼ੇਸ਼ ਕਰਕੇ ਗਰਭਵਤੀ ਔਰਤਾਂ, ਨਵਜੰਮੇ ਅਤੇ ਛੋਟੇ ਬੱਚੇ, ਬਜੁਰਗ, ਮਜਦੂਰੀ ਕਰਨ ਵਾਲੇ ਅਤੇ ਉਹ ਲੋਕ ਜੋ ਸਰੀਰਕ ਤੌਰ ‘ਤੇ ਬਿਮਾਰ ਹਨ, ਖਾਸ ਕਰਕੇ ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ, ਉਹਨਾਂ ਨੂੰ ਹੀਟ ਵੇਵ ਵਧੇਰੇ ਪ੍ਰਭਾਵਿਤ ਕਰਦੀ ਹੈ। ਜੇਕਰ ਸਰੀਰ ਦਾ ਤਾਪਮਾਨ 40 ਡਿਗਰੀ ਜਾਂ ਇਸ ਤੋਂ ਵੱਧ ਹੋਵੇ ਅਤੇ ਅਜਿਹੇ ਵਿੱਚ ਬੋਲਣ ਵਿੱਚ ਦਿੱਕਤ, ਬੇਚੈਨੀ, ਮਾਨਸਿਕ ਸੰਤੁਲਨ ਵਿੱਚ ਬਦਲਾਅ, ਚਿੜਚਿੜਾਪਨ, ਲਾਲ ਤੇ ਖੁਸ਼ਕ ਚਮੜੀ, ਸਿਰਦਰਦ, ਚੱਕਰ ਆਉਣੇ, ਮਾਸਪੇਸ਼ੀਆਂ ਵਿੱਚ ਕਮਜੋਰੀ ਜਾਂ ਖਿਚਾਵ ਰਹਿਣਾ, ਉਲਟੀਆਂ (ਜੀਅ ਮਚਲਾਣਾ), ਦਿਲ ਦੀ ਧੜਕਣ ਤੇਜ਼ ਹੋਣਾ, ਸਾਹ ਲੈਣ ਵਿਚ ਤਕਲੀਫ਼ ਹੋਣਾ ਆਦਿ ਹੀਟ ਵੇਵ ਤੋਂ ਪ੍ਰਭਾਵਿਤ ਹੋਣ ਦੇ ਲੱਛਣ ਹਨ, ਉਨ੍ਹਾਂ ਕਿਹਾ ਕਿ ਅਜਿਹੇ ਲੱਛਣ ਦਿਖਾਈ ਦੇਣ ‘ਤੇ ਨਜ਼ਦੀਕੀ ਸਿਹਤ ਸੰਸਥਾ ਵਿੱਚ ਜਾ ਕੇ ਡਾਕਟਰ ਦੀ ਸਲਾਹ ਨਾਲ ਜਾਂਚ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ।
ਗਰਮੀ ਦੀ ਲਹਿਰ ਤੋਂ ਬਚਣ ਲਈ ਸਾਵਧਾਨੀਆਂ :-
· ਬਜ਼ੁਰਗਾਂ ਜਾਂ ਬਿਮਾਰ ਲੋਕਾਂ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ।
· ਆਪਣੇ ਘਰ ਨੂੰ ਠੰਢਾ ਰੱਖੋ, ਜਿੰਨਾ ਸੰਭਵ ਹੋ ਸਕੇ ਸਿੱਧੀ ਧੁੱਪ ਅਤੇ ਗਰਮੀ ਦੀਆਂ ਲਹਿਰਾਂ ਨੂੰ ਰੋਕੋ: ਦਿਨ ਦੌਰਾਨ ਖਿੜਕੀਆਂ ਅਤੇ ਪਰਦੇ ਬੰਦ ਰੱਖੋ ਅਤੇ ਠੰਡੀ ਹਵਾ ਲਈ ਰਾਤ ਨੂੰ ਇਨ੍ਹਾਂ ਨੂੰ ਖੋਲ੍ਹੋ।
· ਸ਼ਰਾਬ, ਚਾਹ, ਕੌਫੀ, ਕਾਰਬੋਨੇਟਡ ਸੌਫਟ ਡਰਿੰਕ ਜਾਂ ਵੱਡੀ ਮਾਤਰਾ ਵਿੱਚ ਚੀਨੀ ਦੇ ਸੇਵਨ ਤੋਂ ਬਚੋ।
· ਪਾਰਕ ਕੀਤੇ ਵਾਹਨ ਵਿੱਚ ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਨਾ ਛੱਡੋ। ਵਾਹਨ ਦੇ ਅੰਦਰ ਦਾ ਤਾਪਮਾਨ ਖਤਰਨਾਕ ਹੋ ਸਕਦਾ ਹੈ।
· ਆਪਣੀਆਂ ਬਾਹਰੀ ਗਤੀਵਿਧੀਆਂ ਨੂੰ ਦਿਨ ਦੇ ਠੰਢੇ ਸਮੇਂ ਭਾਵ ਸਵੇਰ ਅਤੇ ਸ਼ਾਮ ਤੱਕ ਸੀਮਤ ਕਰੋ।
· ਧੁੱਪ ਵਿਚ ਨਿਕਲਦੇ ਸਮੇਂ ਹਮੇਸ਼ਾ ਪਾਣੀ ਨਾਲ ਰੱਖੋ। ਪਿਆਸ ਨਾ ਲੱਗਣ ‘ਤੇ ਵੀ ਹਰ ਅੱਧੇ ਘੰਟੇ ਬਾਅਦ ਪਾਣੀ ਪੀਓ। ਮਿਰਗੀ ਜਾਂ ਦਿਲ ਦੀ ਬਿਮਾਰੀ, ਗੁਰਦੇ ਜਾਂ ਜਿਗਰ ਦੀ ਬਿਮਾਰੀ ਵਾਲੇ ਲੋਕ ਜੋ ਤਰਲ-ਪ੍ਰਤੀਬੰਧਿਤ ਖੁਰਾਕ ‘ਤੇ ਹਨ, ਉਨ੍ਹਾਂ ਨੂੰ ਪਾਣੀ ਦੀ ਮਾਤਰਾ ਵਧਾਉਣ ਸੰਬੰਧੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
· ਬਾਹਰ ਕੰਮ ਕਰਦੇ ਸਮੇਂ ਹਲਕੇ ਰੰਗ ਦੇ ਪੂਰੀ ਬਾਹਾਂ ਵਾਲੇ ਕੱਪੜੇ ਪਾਓ। ਕੋਸ਼ਿਸ਼ ਕਰੋ ਕਿ ਗਰਮੀਆਂ ਵਿਚ ਸਿਰਫ਼ ਸੂਤੀ ਕੱਪੜੇ ਹੀ ਪਹਿਨੇ ਜਾਣ। ਸਿੱਧੀ ਧੁੱਪ ਤੋਂ ਆਪਣੇ ਸਿਰ ਨੂੰ ਢੱਕਣ ਲਈ ਛੱਤਰੀ, ਟੋਪੀ, ਤੌਲੀਆ, ਪੱਗ ਜਾਂ ਦੁਪੱਟੇ ਦੀ ਵਰਤੋਂ ਕਰੋ।
· ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਕਿ ਤਰਬੂਜ, ਸੰਤਰਾ, ਅੰਗੂਰ, ਖੀਰੇ ਅਤੇ ਟਮਾਟਰ ਖਾਓ ਕਿਉਂਕਿ ਇਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਵਰਗੇ ਘਰੇਲੂ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਅਤੇ ਸੇਵਨ ਵਧਾਓ।
· ਆਪਣੀ ਚਮੜੀ ਦੀ ਸੁਰੱਖਿਆ ਲਈ ਸਨਸਕ੍ਰੀਨ ਅਤੇ ਅੱਖਾਂ ਦੀ ਸੁਰੱਖਿਆ ਲਈ ਗੂੜ੍ਹੇ ਚਸ਼ਮੇ ਪਾਓ। ਘੱਟ ਭੋਜਨ ਖਾਓ ਅਤੇ ਜ਼ਿਆਦਾ ਵਾਰ ਖਾਓ।