ਜ਼ਿਲ੍ਹਾ ਗੁਰਦਾਸਪੁਰ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਤੇ ਖ਼ਰੀਦ ਨੇ ਤੇਜ਼ੀ ਫੜੀ
ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 61856 ਮੀਟਰਿਕ ਟਨ ਕਣਕ ਦੀ ਖ਼ਰੀਦ ਹੋਈ – ਡੀ.ਸੀ.
ਕਿਸਾਨਾਂ ਨੂੰ 96.98 ਕਰੋੜ ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ – ਡਿਪਟੀ ਕਮਿਸ਼ਨਰ
ਗੁਰਦਾਸਪੁਰ, 22 ਅਪ੍ਰੈਲ (ਸੋਨੂੰ,ਰਵਿੰਦਰ) – ਜ਼ਿਲ੍ਹਾ ਗੁਰਦਾਸਪੁਰ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਤੇ ਖ਼ਰੀਦ ਨੇ ਤੇਜ਼ੀ ਫੜ ਲਈ ਹੈ। ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 68363 ਮੀਟਰਿਕ ਟਨ ਕਣਕ ਦੀ ਆਮਦ ਹੋਈ, ਜਿਸ ਵਿੱਚੋਂ 61856 ਮੀਟਰਿਕ ਟਨ ਕਣਕ ਖ਼ਰੀਦੀ ਜਾ ਚੁੱਕੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਫ਼ਸਲ ਦੀ ਆਮਦ ਵਿੱਚ ਤੇਜ਼ੀ ਆਈ ਹੈ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਵੱਖ-ਵੱਖ ਖ਼ਰੀਦ ਏਜੰਸੀਆਂ ਵੱਲੋਂ ਕਣਕ ਦੀ ਫ਼ਸਲ ਨੂੰ ਬਿਨਾਂ ਕਿਸੇ ਦੇਰੀ ਤੋਂ ਖ਼ਰੀਦਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਤੱਕ ਖ਼ਰੀਦ ਏਜੰਸੀ ਪਨਗਰੇਨ ਨੇ 21535 ਮੀਟਰਿਕ ਟਨ, ਮਾਰਕਫੈੱਡ ਨੇ 17175 ਮੀਟਰਿਕ ਟਨ, ਪਨਸਪ ਨੇ 10044 ਮੀਟਰਿਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 9250 ਮੀਟਰਿਕ ਟਨ ਅਤੇ ਐੱਫ਼.ਸੀ.ਆਈ. ਨੇ 3852 ਮੀਟਰਿਕ ਟਨ ਕਣਕ ਖ਼ਰੀਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਖ਼ਰੀਦੀ ਗਈ ਕਣਕ ਦੀ ਅਦਾਇਗੀ ਵੀ ਨਾਲ ਦੀ ਨਾਲ ਕੀਤੀ ਜਾ ਰਹੀ ਹੈ ਅਤੇ ਬੀਤੀ ਸ਼ਾਮ ਤੱਕ 96.98 ਕਰੋੜ ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਖ਼ਰੀਦੀ ਗਈ ਫ਼ਸਲ ਦੀ ਲਿਫ਼ਟਿੰਗ ਵੀ ਸ਼ੁਰੂ ਕਰਵਾ ਦਿੱਤੀ ਗਈ ਹੈ ਅਤੇ ਬੀਤੇ ਕੱਲ੍ਹ ਤੱਕ 8389 ਮੀਟਰਿਕ ਟਨ ਕਣਕ ਦੀ ਲਿਫ਼ਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਲਿਫ਼ਟਿੰਗ ਨੂੰ ਹੋਰ ਤੇਜ਼ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 6.68 ਲੱਖ ਐੱਮ.ਟੀ. ਕਣਕ ਦੀ ਫ਼ਸਲ ਆਉਣ ਦੀ ਸੰਭਾਵਨਾ ਹੈ ਅਤੇ ਜ਼ਿਲ੍ਹੇ ਵਿੱਚ ਕਣਕ ਦੀ ਖ਼ਰੀਦ ਲਈ 92 ਮੰਡੀਆਂ ਬਣਾਈਆਂ ਗਈਆਂ ਹਨ, ਜਦਕਿ 2 ਆਰਜ਼ੀ ਖ਼ਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਖ਼ਰੀਦ ਸਬੰਧੀ ਹੋਰ ਪ੍ਰਬੰਧ ਵੀ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਸਫ਼ਾਈ, ਬਿਜਲੀ, ਪਾਣੀ, ਛਾਂ, ਬਾਥਰੂਮ ਆਦਿ ਦੇ ਪ੍ਰਬੰਧ ਵੀ ਕੀਤੇ ਗਏ ਹਨ।