ਨਗਰ ਸੁਧਾਰ ਟਰੱਸਟ ਗੁਰਦਾਸਪੁਰ ਸ਼ਹਿਰ ਦੇ ਕੂੜਾ ਪ੍ਰਬੰਧਨ ਪ੍ਰੋਜੈਕਟ ਲਈ ਜ਼ਮੀਨ ਖ਼ਰੀਦ ਕੇ ਦੇਣ ਲਈ ਤਿਆਰ

देश पंजाब

ਗੁਰਦਾਸਪੁਰ ਸ਼ਹਿਰ ਦੇ ਕੂੜੇ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਹੱਥ ਵਧਾਇਆ

ਗੁਰਦਾਸਪੁਰ, 26 ਸਤੰਬਰ ( ਸੋਨੂੰ , ਰਵਿੰਦਰ ) – ਗੁਰਦਾਸਪੁਰ ਸ਼ਹਿਰ ਦੇ ਕੂੜੇ ਦੀ ਸਮੱਸਿਆ ਦੇ ਪੱਕੇ ਹੱਲ ਲਈ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾ ਨੇ ਹੱਥ ਵਧਾਇਆ ਹੈ। ਚੇਅਰਮੈਨ ਰਾਜੀਵ ਸ਼ਰਮਾ ਨੇ ਇੱਕ ਵਾਰ ਫਿਰ ਇਹ ਦੁਹਰਾਇਆ ਹੈ ਕਿ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਆਪਣੇ ਸ਼ਹਿਰ ਦੇ ਕੂੜੇ ਦੇ ਪ੍ਰਬੰਧਨ ਲਈ ਬਣਾਏ ਜਾਣ ਵਾਲੇ ਸਾਲਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਈ 4 ਏਕੜ ਤੱਕ ਜ਼ਮੀਨ ਖ਼ਰੀਦ ਕੇ ਦੇਣ ਲਈ ਤਿਆਰ ਹੈ ਇਸ ਲਈ ਚਾਹੇ ਟਰੱਸਟ ਨੂੰ ਕਿੰਨੀ ਵੀ ਰਾਸ਼ੀ ਕਿਉਂ ਨਾ ਖ਼ਰਚਣੀ ਪਵੇ, ਉਹ ਖ਼ਰਚ ਕਰੇਗੀ।

ਚੇਅਰਮੈਨ ਸ੍ਰੀ ਰਾਜੀਵ ਸ਼ਰਮਾ ਨੇ ਕਿਹਾ ਕਿ ਨਗਰ ਕੌਂਸਲ ਗੁਰਦਾਸਪੁਰ ਕੋਲ ਸ਼ਹਿਰ ਦੇ ਕੂੜੇ ਦੇ ਪ੍ਰਬੰਧਨ ਲਈ ਕੋਈ ਆਪਣੀ ਜਗ੍ਹਾ ਨਹੀਂ ਹੈ, ਜਿਸ ਕਾਰਨ ਕੂੜਾ ਨਾ ਚੁੱਕਿਆ ਜਾਣ ਕਾਰਨ ਅਕਸਰ ਹੀ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਥਾਂ-ਥਾਂ ਖਿੱਲਰਿਆ ਕੂੜਾ ਜਿੱਥੇ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ ਓਥੇ ਇਹ ਸ਼ਹਿਰ ਦੀ ਖ਼ੂਬਸੂਰਤੀ ਨੂੰ ਵੀ ਦਾਗ਼ ਲਗਾਉਂਦਾ ਹੈ। ਉਨ੍ਹਾਂ ਕਿਹਾ ਕਿ ਜਿਉਂ-ਜਿਉਂ ਸਮਾਂ ਗੁਜ਼ਰ ਰਿਹਾ ਹੈ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਹੋਰ ਗੰਭੀਰ ਹੁੰਦੀ ਜਾ ਰਹੀ ਹੈ, ਇਸ ਲਈ ਇਸ ਦਾ ਜਲਦ ਹੱਲ ਕਰਨ ਦੀ ਜ਼ਰੂਰਤ ਹੈ।

ਚੇਅਰਮੈਨ ਸ੍ਰੀ ਰਾਜੀਵ ਸ਼ਰਮਾ ਨੇ ਕਿਹਾ ਕਿ ਉਸ ਨੇ 10 ਅਪ੍ਰੈਲ 2023 ਨੂੰ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਸੀ। ਉਸ ਸਮੇਂ ਮਾਲੀ ਤੌਰ ‘ਤੇ ਟਰੱਸਟ ਦੀ ਹਾਲਤ ਬਹੁਤ ਖ਼ਰਾਬ ਸੀ। ਉਨ੍ਹਾਂ ਨੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਨੂੰ ਮੁਨਾਫ਼ੇ ਵਿੱਚ ਲਿਆਉਣ ਲਈ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕੀਤਾ ਅਤੇ ਟਰੱਸਟ ਮੁਨਾਫ਼ੇ ਵਿੱਚ ਆ ਗਈ। ਉਨ੍ਹਾਂ ਕਿਹਾ ਕਿ ਅੱਜ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵੱਲੋਂ ਜਿੱਥੇ ਸ਼ਹਿਰ ਦਾ ਕਰੋੜਾਂ ਰੁਪਏ ਖ਼ਰਚ ਕੇ ਵਿਕਾਸ ਕੀਤਾ ਜਾ ਰਿਹਾ ਹੈ ਓਥੇ ਨਗਰ ਸੁਧਾਰ ਟਰੱਸਟ ਬਟਾਲਾ ਨੂੰ ਕਰੋੜਾਂ ਰੁਪਏ ਦਾ ਕਰਜ਼ਾ ਵੀ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵੱਲੋਂ ਵਿਕਾਸ ਦਾ ਘੇਰਾ ਵਧਾਉਂਦਿਆਂ ਹੁਣ ਗੁਰਦਾਸਪੁਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਵੀ ਵਿਕਾਸ ਕਾਰਜਾਂ ਉੱਪਰ 5.90 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ।

ਸ੍ਰੀ ਰਾਜੀਵ ਸ਼ਰਮਾ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਹੁਣ ਮਾਲੀ ਤੌਰ ‘ਤੇ ਏਨੀ ਕੁ ਸਮਰੱਥ ਹੈ ਕਿ ਉਹ ਆਪਣੇ ਸ਼ਹਿਰ ਦੀ ਕੂੜੇ ਦੀ ਸਮੱਸਿਆ ਨੂੰ ਪੱਕੇ ਤੌਰ ‘ਤੇ ਹੱਲ ਕਰਨ ਲਈ ਕਰੋੜਾਂ ਰੁਪਏ ਖ਼ਰਚ ਕਰਕੇ ਸਾਲਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਈ ਜ਼ਮੀਨ ਖ਼ਰੀਦਣ ਲਈ ਵੀ ਤਿਆਰ ਹੈ। ਚੇਅਰਮੈਨ ਸ੍ਰੀ ਸ਼ਰਮਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਸਬੰਧੀ ਢੁਕਵੀਂ ਜ਼ਮੀਨ ਦੀ ਚੋਣ ਕਰਕੇ ਸਾਰੀ ਕਾਰਵਾਈ ਮੁਕੰਮਲ ਕਰ ਲੈਣ ਅਤੇ ਨਗਰ ਸੁਧਾਰ ਟਰੱਸਟ ਉਹ ਜ਼ਮੀਨ ਲੈ ਦੇਵੇਗਾ।

ਚੇਅਰਮੈਨ ਸ੍ਰੀ ਰਾਜੀਵ ਸ਼ਰਮਾ ਨੇ ਕਿਹਾ ਕਿ ਉਹ ਗੁਰਦਾਸਪੁਰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ ਅਤੇ ਸ਼ਹਿਰ ਵਾਸੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮਿਲਣ ਇਸ ਲਈ ਉਹ ਆਪਣੇ ਵੱਲੋਂ ਹਮੇਸ਼ਾਂ ਯਤਨਸ਼ੀਲ ਹਨ।

Leave a Reply

Your email address will not be published. Required fields are marked *