ਐਫ.ਡੀ.ਡੀ.ਆਈ. ਚੰਡੀਗੜ੍ਹ ਵੱਲੋਂ ਫੌਜ ਦੇ ਜੂਨੀਅਰ ਕਮਿਸ਼ਨਡ ਅਧਿਕਾਰੀਆਂ ਲਈ ਟ੍ਰੇਨਿੰਗ ਕੋਰਸ ਦੀ ਸ਼ੁਰੂਆਤ
ਚੰਡੀਗੜ੍ਹ/ਬਨੂਰ
20 ਅਪ੍ਰੈਲ (ਮਨਦੀਪ ਕੌਰ )
ਫੁੱਟਵੇਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ (ਐਫ.ਡੀ.ਡੀ.ਆਈ.), ਬਨੂਰ ਵੱਲੋਂ ਡਾਇਰੈਕਟੋਰੇਟ ਜਨਰਲ ਆਫ਼ ਰੀਸੈਟਲਮੈਂਟ (ਡੀ.ਜੀ.ਆਰ.) ਦੇ ਸਹਿਯੋਗ ਨਾਲ 21 ਅਪ੍ਰੈਲ ਤੋਂ ਫੁੱਟਵੇਅਰ ਮੈਨੂਫੈਕਚਰਿੰਗ ਐਂਡ ਰਿਟੇਲ ਵਿਸ਼ੇ ਉੱਤੇ ਇੱਕ ਵਿਸ਼ੇਸ਼ ਸਰਟੀਫਿਕੇਟ ਕੋਰਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਹ ਵਿਸ਼ੇਸ਼ ਕੋਰਸ ਉਨ੍ਹਾਂ ਫੌਜੀ ਕਰਮਚਾਰੀਆਂ ਲਈ ਤਿਆਰ ਕੀਤਾ ਗਿਆ ਹੈ ਜੋ ਜਲਦ ਹੀ ਫੌਜੀ ਸੇਵਾ ਤੋਂ ਰਿਟਾਇਰ ਹੋਣ ਵਾਲੇ ਹਨ। ਇਸ ਕੋਰਸ ਰਾਹੀਂ ਉਹ ਫੁੱਟਵੇਅਰ ਉਦਯੋਗ ਵਿੱਚ ਵਧ ਰਹੀਆਂ ਨੌਕਰੀਆਂ ਅਤੇ ਸਵੈ-ਰੋਜ਼ਗਾਰ ਦੇ ਮੌਕਿਆਂ ਵੱਲ ਅਗਾਂਹ ਵਧ ਸਕਣਗੇ।
ਇਸ ਕੋਰਸ ਦਾ ਮਕਸਦ ਭਾਗੀਦਾਰਾਂ ਨੂੰ ਫੁੱਟਵੇਅਰ ਉਦਯੋਗ ਦੀਆਂ ਨਵੀਨਤਮ ਤਕਨੀਕਾਂ, ਉਤਪਾਦਨ ਪ੍ਰਕਿਰਿਆਵਾਂ, ਗੁਣਵੱਤਾ ਮਿਆਰਾਂ ਅਤੇ ਵਾਤਾਵਰਣ ਨਿਯਮਾਂ ਬਾਰੇ ਜਾਣੂ ਕਰਵਾਉਣਾ ਹੈ।
ਇਸਦੇ ਨਾਲ-ਨਾਲ ਇਹ ਕੋਰਸ ਭਾਗੀਦਾਰਾਂ ਨੂੰ ਮਿਡ-ਲੈਵਲ ਮੈਨੇਜਮੈਂਟ, ਇਨਵੈਂਟਰੀ ਮੈਨੇਜਮੈਂਟ, ਕਵਾਲਿਟੀ ਕੰਟਰੋਲ ਅਤੇ ਲੌਜਿਸਟਿਕਸ ਵਰਗੀਆਂ ਫੀਲਡਾਂ ਵਿੱਚ ਨੌਕਰੀ ਲਈ ਤਿਆਰ ਕਰੇਗਾ।
ਕਾਰਜਕ੍ਰਮ ਦੀ ਨਿਰਦੇਸ਼ਿਕਾ ਸੁਸ਼ਰੀ ਪ੍ਰਗਿਆ ਸਿੰਘ ਨੇ ਦੱਸਿਆ ਕਿ ਤਿੰਨ ਮਹੀਨਿਆਂ ਦਾ ਇਹ ਸੰਖੇਪ ਕੋਰਸ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਭਾਗੀਦਾਰਾਂ ਨੂੰ ਸਿਰਫ ਨਵੀਆਂ ਨੌਕਰੀਆਂ ਹੀ ਨਾ ਮਿਲਣ, ਸਗੋਂ ਉਹ ਆਪਣਾ ਕਾਰੋਬਾਰ ਵੀ ਸ਼ੁਰੂ ਕਰਨ ਯੋਗ ਬਣ ਸਕਣ।
ਇਹ ਕੋਰਸ ਭਾਗੀਦਾਰਾਂ ਨੂੰ ਐਫ.ਡੀ.ਡੀ.ਆਈ. ਦੇ ਆਧੁਨਿਕ ਕੈਂਪਸ ਵਿੱਚ ਟ੍ਰੇਨਿੰਗ, ਫੁੱਟਵੇਅਰ ਨਿਰਮਾਣ ਅਤੇ ਰਿਟੇਲਿੰਗ ਦੀ ਵਿਸ਼ੇਸ਼ ਤਾਲੀਮ ਦੇਵੇਗਾ।
ਇਹ ਟ੍ਰੇਨਿੰਗ ਉਦਯੋਗ ਦੀ ਲੋੜ ਅਨੁਸਾਰ ਹੁਨਰ ਵਿਕਾਸ, ਰੋਜ਼ਗਾਰ ਅਤੇ ਉਦਯਮਿਤਾ ਦੇ ਨਵੇਂ ਮੌਕਿਆਂ ਬਾਰੇ ਜਾਣਕਾਰੀ ਅਤੇ ਪ੍ਰਯੋਗਕ ਅਨੁਭਵ ਪ੍ਰਦਾਨ ਕਰੇਗੀ।
