ਬ੍ਰਿਧ ਆਸ਼ਰਮ ਦੇ ਬਜ਼ੁਰਗਾਂ ਨੂੰ ਦਿੱਤੀ ਮੁਫਤ ਕਾਨੂੰਨੀ ਸਹਾਇਤਾ ਦੀ ਜਾਣਕਾਰੀ
—– 10 ਮਈ ਨੂੰ ਕੋਰਟ ਕੰਪਲੈਕਸ ਵਿੱਚ ਲਗਾਈ ਜਾਵੇਗੀ ਨੈਸ਼ਨਲ ਲੋਕ ਅਦਾਲਤ
ਪਠਾਨਕੋਟ 30 ਅਪ੍ਰੈਲ -( ਸੋਨੂੰ )ਜ਼ਿਲਾ ਕਾਨੂੰਨੀ ਸੇਵਾ ਅਥਾਰਟੀ ਪਠਾਨਕੋਟ ਦੇ ਚੇਅਰਮੈਨ -ਕਮ -ਜ਼ਿਲਾ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਦੇ ਆਦੇਸ਼ਾਂ ਅਨੁਸਾਰ ਸੀ. ਜੇ. ਐਮ-ਕਮ-ਸਕੱਤਰ ਰੁਪਿੰਦਰ ਸਿੰਘ ਦੀ ਅਗਵਾਈ ਹੇਠ ਆਦਰਸ਼ ਬ੍ਰਿਧ ਆਸ਼ਰਮ ਪਠਾਨਕੋਟ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਐਡਵੋਕੇਟ ਰੋਮੀਕਾ ਅਤੇ ਪੀਐਲਵੀ ਵਿਨੋਦ ਕੁਮਾਰ ਵੱਲੋਂ ਬਜ਼ੁਰਗਾਂ ਨੂੰ ਉਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਬੁਲਾਰਿਆਂ ਨੇ ਦੱਸਿਆ ਕਿ ਜਿਲਾ ਕਾਨੂੰਨੀ ਸੇਵਾ ਅਥਾਰਟੀ ਵੱਲੋਂ ਹਰ ਬਜ਼ੁਰਗ ਨੂੰ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ, ਜਿਸ ਵਿੱਚ ਵਕੀਲ ਅਤੇ ਕਾਗਜ਼ਾਂ ਪੱਤਰਾਂ ਦਾ ਖਰਚ ਵੀ ਅਥਾਰਟੀ ਵੱਲੋਂ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਜੇਕਰ ਕਿਸੇ ਬਜ਼ੁਰਗ ਕੋਲੋਂ ਉਸ ਦੇ ਬੱਚੇ ਆਪਣੀ ਜਾਇਦਾਦ ਲਿਖਵਾ ਲੈਂਦੇ ਹਨ, ਤਾਂ ਬਜ਼ੁਰਗ ਉਸ ਜਾਇਦਾਦ ਨੂੰ ਵਾਪਸ ਲੈ ਸਕਦੇ ਹਨ, ਇਸ ਲਈ ਉਹਨਾਂ ਨੂੰ ਐਸਡੀਐਮ ਕੋਰਟ ਵਿੱਚ ਇੱਕ ਕੇਸ ਦਾਇਰ ਕਰਨਾ ਪਵੇਗਾ। ਜਿਸ ਦੇ ਬਾਅਦ ਉਹਨਾਂ ਨੂੰ ਉਹਨਾਂ ਦੀ ਆਪਣੀ ਜਾਇਦਾਦ ਵਾਪਸ ਮਿਲ ਜਾਏਗੀ।
ਉਹਨਾਂ ਦੱਸਿਆ ਕਿ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਕੋਲੋਂ ਖਰਚਾ ਲੈਣ ਦਾ ਪੂਰਾ ਅਧਿਕਾਰ ਹੈ। ਉਹਨਾਂ ਦੱਸਿਆ ਕਿ ਜੇਕਰ ਬੇਟਾ ਹੋਵੇ ਜਾਂ ਬੇਟੀ ਦੋਵਾਂ ਕੋਲੋਂ ਮਾਂ ਬਾਪ ਖਰਚਾ ਲੈ ਸਕਦੇ ਹਨ। ਉਨਾਂ ਦੱਸਿਆ ਕਿ ਕੋਰਟ ਕੰਪਲੈਕਸ ਪਠਾਨਕੋਟ ਵਿੱਚ 10 ਮਈ ਨੂੰ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ, ਜਿਸ ਵਿੱਚ ਅਸੀਂ ਆਪਣਾ ਕੇਸ ਲਗਾ ਕੇ ਸਸਤਾ ਤੇ ਸੌਖਾ ਨਿਆ ਪ੍ਰਾਪਤ ਕਰ ਸਕਦੇ ਹਾਂ। ਉਹਨਾਂ ਦੱਸਿਆ ਕਿ ਲੋਕ ਅਦਾਲਤ ਦੇ ਫੈਸਲੇ ਦੇ ਖਿਲਾਫ ਫਿਰ ਕਿਸੇ ਵੀ ਅਦਾਲਤ ਵਿੱਚ ਅਪੀਲ ਨਹੀਂ ਕੀਤੀ ਜਾ ਸਕਦੀ, ਅਤੇ ਇਸ ਅਦਾਲਤ ਵਿੱਚ ਦੋਨੋਂ ਹੀ ਪਾਰਟੀਆਂ ਕੇਸ ਜਿੱਤ ਕੇ ਜਾਂਦੀਆਂ ਹਨ ਕਿਸੇ ਦੀ ਹਾਰ ਨਹੀਂ ਹੁੰਦੀ । ਇਸ ਮੌਕੇ ਆਸ਼ਰਮ ਦੀ ਸੁਪਰੀਡੈਂਟ ਅੰਜਲੀ ਸ਼ਰਮਾ ਵੱਲੋਂ ਅਥਾਰਟੀ ਦੇ ਮੈਂਬਰਾਂ ਦਾ ਬ੍ਰਿਧ ਆਸ਼ਰਮ ਵਿੱਚ ਆਉਣ ਤੇ ਅਤੇ ਬਜ਼ੁਰਗਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਦੇ ਧੰਨਵਾਦ ਕੀਤਾ,
ਫੋਟੋ ਕੈਪਸ਼ਨ : ਬਜ਼ੁਰਗਾਂ ਨੂੰ ਉਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਦੇ ਹੋਏ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ