ਸਿੰਥੈਟਿਕ ਨਸ਼ਾ ਛੁਡਾਉਣ ਲਈ ਕਾਰਗਰ ਸਾਬਤ ਹੋ ਰਹੀ ਹੈ ਮੈਥਾਡੋਨ ਮੈਂਟੇਨੈਂਸ ਥੈਰੇਪੀ – ਸਿਵਲ ਸਰਜਨ ਡਾ. ਰਾਜੇਸ਼ ਗਰਗ

ਪੰਜਾਬ

ਜਲੰਧਰ (ਚੇਤਨ ਪੁਰੀ) : ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਨਸ਼ੇ ਵਿਰੁੱਧ ਵਿੱਢੀ ਮੁਹਿੰਮ ਤਹਿਤ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਸਿਵਲ ਹਸਪਤਾਲ ਜਲੰਧਰ ਵਿਖੇ ਸਿੰਥੈਟਿਕ ਨਸ਼ੇ ਦੀ ਲਤ ਤੋਂ ਪੀੜਤ ਮਰੀਜ਼ਾਂ ਦੇ ਮੁਫ਼ਤ ਅਤੇ ਪ੍ਰਭਾਵਸ਼ਾਲੀ ਇਲਾਜ ਲਈ ਮੈਥਾਡੋਨ ਮੈਂਟੇਨੈਂਸ ਥੈਰੇਪੀ (MMT) ਸਫ਼ਲਤਾਪੂਰਵਕ ਚਲਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਇਹ ਥੈਰੇਪੀ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਹੈ, ਜੋ ਹੀਰੋਇਨ ਅਤੇ ਹੋਰ ਓਪੀਓਇਡ (Opioid) ਨਸ਼ਿਆਂ ਦੀ ਲਤ ਨਾਲ ਜੂਝ ਰਹੇ ਮਰੀਜ਼ਾਂ ਲਈ ਬਹੁਤ ਕਾਰਗਰ ਸਾਬਤ ਹੋ ਰਹੀ ਹੈ।

ਸਿਵਲ ਸਰਜਨ ਨੇ ਦੱਸਿਆ ਕਿ “ਮੈਥਾਡੋਨ ਥੈਰੇਪੀ ਮਰੀਜ਼ਾਂ ਦੇ ਦਿਮਾਗ ਵਿੱਚ ਨਸ਼ੇ ਦੀ ਤੀਬਰ ਤਲਬ ਨੂੰ ਘਟਾਉਂਦੀ ਹੈ ਅਤੇ ਛੱਡਣ ਦੌਰਾਨ ਹੋਣ ਵਾਲੀਆਂ ਸ਼ਰੀਰਕ ਤਕਲੀਫ਼ਾਂ ਤੋਂ ਰਾਹਤ ਦਿਵਾਉਂਦੀ ਹੈ। ਇਹ ਇਲਾਜ ਪੂਰੀ ਤਰ੍ਹਾਂ ਡਾਕਟਰਾਂ ਦੀ ਸਖ਼ਤ ਨਿਗਰਾਨੀ ਹੇਠ ਦਿੱਤਾ ਜਾ ਰਿਹਾ ਹੈ ਤਾਂ ਜੋ ਮਰੀਜ਼ ਨਸ਼ਾ ਛੱਡ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੁੜ ਸਕਣ ਅਤੇ ਇੱਕ ਨਵੀਂ, ਸਨਮਾਨਜਨਕ ਜ਼ਿੰਦਗੀ ਜੀ ਸਕਣ।” ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਦੇ ਪਰਿਵਾਰ ਦਾ ਜਾਂ ਆਸ-ਪਾਸ ਕੋਈ ਵੀ ਵਿਅਕਤੀ ਨਸ਼ੇ ਦੀ ਲਤ ਤੋਂ ਪ੍ਰੇਸ਼ਾਨ ਹੈ, ਤਾਂ ਉਹ ਬਿਨਾਂ ਕਿਸੇ ਝਿਜਕ ਦੇ ਸਿਵਲ ਹਸਪਤਾਲ ਜਲੰਧਰ ਵਿਖੇ ਆ ਕੇ ਇਸ ਮੁਫ਼ਤ ਸਹੂਲਤ ਦਾ ਲਾਭ ਉਠਾਉਣ।

ਇਸ ਸਬੰਧੀ ਡਾ. ਅਭੈਰਾਜ ਨੇ ਹੋਰ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਕੇਵਲ ਦਵਾਈ ਹੀ ਨਹੀਂ, ਬਲਕਿ ਮਰੀਜ਼ਾਂ ਦੇ ਸੰਪੂਰਨ ਸੁਧਾਰ ਲਈ ਬਹੁ-ਪੱਖੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ “ਮੈਥਾਡੋਨ ਥੈਰੇਪੀ ਦੇ ਨਾਲ-ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਨੋਵਿਗਿਆਨਕ ਕਾਊਂਸਲਿੰਗ ਵੀ ਕੀਤੀ ਜਾ ਰਹੀ ਹੈ। ਮਰੀਜ਼ਾਂ ਦੀ ਰੋਜ਼ਾਨਾ ਨਿਗਰਾਨੀ ਅਤੇ ਨਿਯਮਿਤ ਫ਼ਾਲੋ-ਅੱਪ ਦੀ ਸਹੂਲਤ ਉਪਲਬਧ ਹੈ, ਤਾਂ ਜੋ ਮਰੀਜ਼ ਦੁਬਾਰਾ ਨਸ਼ੇ ਦੀ ਗ੍ਰਿਫ਼ਤ ਵਿੱਚ ਨਾ ਜਾਣ।”

Leave a Reply

Your email address will not be published. Required fields are marked *