ਮਾਤਾ ਮੂਰਤੀ ਦੇਵੀ ਇੰਸਾ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ

पंजाब

ਧੂਰੀ, 13 ਨਵੰਬਰ ( ਵਰਿੰਦਰ ਕੁਮਾਰ ਬਿਊਰੋ ਚੀਫ ): ਬਲਾਕ ਧੂਰੀ ਦੇ ਪਿੰਡ ਨਾਲ ਸਬੰਧਤ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜੀਵਨ ਕੁਮਾਰ ਮਿੱਤਲ ਅਤੇ ਉਨ੍ਹਾਂ ਦੇ ਵੱਡੇ ਭਰਾ ਸਵਰਗਵਾਸੀ ਕੈਲਾਸ਼ ਕੁਮਾਰ ਮਿੱਤਲ ਦੇ ਪਰਿਵਾਰ ਵੱਲੋਂ ਮਾਤਾ ਮੂਰਤੀ ਦੇਵੀ ਇੰਸਾ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਮਾਤਾ ਜੀ ਨੇ ਜਿਉਂਦੇ ਜੀਅ ਆਪਣੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪੁੱਤਰ ਜੀਵਨ ਕੁਮਾਰ ਮਿੱਤਲ ਅਤੇ ਪਰਿਵਾਰਕ ਮੈਂਬਰਾਂ ਨੇ ਇਹ ਉਪਰਾਲਾ ਕੀਤਾ। ਮਾਤਾ ਮੂਰਤੀ ਦੇਵੀ ਇੰਸਾ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਰਾਧਾ ਗੋਬਿੰਦ ਇੰਸਟੀਚਿਊਟ ਆਫ ਸਾਇੰਸ, ਮੇਰਠ (ਉੱਤਰ ਪ੍ਰਦੇਸ਼) ਵਿਖੇ ਦਾਨ ਕੀਤਾ ਗਿਆ। ਇਸ ਨਾਲ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਸਹਾਇਤਾ ਮਿਲੇਗੀ ਅਤੇ ਉਹ ਭਵਿੱਖ ਵਿੱਚ ਸਮਾਜ ਦੀ ਭਲਾਈ ਲਈ ਯੋਗਦਾਨ ਪਾ ਸਕਣਗੇ।
ਇਸ ਮੌਕੇ ਮਾਤਾ ਜੀ ਦੀਆਂ ਨੂੰਹਾਂ ਸੁਨੀਤਾ ਰਾਣੀ ਅਤੇ ਰੇਖਾ ਮਿੱਤਲ ਅਤੇ ਬੇਟੀ ਰਿੰਪੀ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ। ਮਾਤਾ ਜੀ ਦਾ ਸਮੁੱਚਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਨਾਮ-ਸ਼ਬਦ ਲਿਆ ਹੋਇਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਮਾਤਾ ਜੀ ਬਹੁਤ ਹੀ ਭਾਗਾਂ ਵਾਲੇ ਸਨ, ਜਿਨ੍ਹਾਂ ਨੂੰ ਚੌਥੀ ਪੀੜ੍ਹੀ ਤੱਕ ਆਪਣੇ ਪਰਿਵਾਰ ਦਾ ਪਿਆਰ ਮਿਲਿਆ ਅਤੇ ਉਹ ਆਪਣੇ ਪੜਪੋਤਿਆਂ ਨੂੰ ਪਿਆਰ ਕਰਦਿਆਂ ਇਸ ਸੰਸਾਰ ਤੋਂ ਵਿਦਾ ਹੋਏ। ਇਸ ਮੌਕੇ ਅਸ਼ੋਕ ਕੁਮਾਰ ਲੱਖਾ, ਗਊ ਸੇਵਾ ਚੇਅਰਮੈਨ ਪੰਜਾਬ ਵੱਲੋਂ ਮਾਤਾ ਜੀ ਦੀ ਮ੍ਰਿਤਕ ਦੇਹ ਨੂੰ ਹਰੀ ਝੰਡੀ ਦੇ ਕੇ ਅਤੇ ਸਤਿਗੁਰੂ ਦਾ ਨਾਅਰਾ ਲਗਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਭੋਲਾ ਨਾਥ ਇੰਸਾ, ਕੁਲਬੀਰ ਸਿੰਘ ਇੰਸਾ, ਭੈਣ ਊਸ਼ਾ ਇੰਸਾ, ਭੈਣ ਨੀਲਮ ਇੰਸਾ, 15 ਮੈਂਬਰ ਸੱਚੀ ਸੰਮਤੀ ਦੇ ਸੇਵਾਦਾਰ, ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਪ੍ਰੇਮੀ ਸੇਵਕ, ਬਲਾਕ ਦੀਆਂ ਸਮੂਹ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ।

Leave a Reply

Your email address will not be published. Required fields are marked *