ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਧੋਬੀ ਘਾਟ ਚੌਂਕ ਤੋਂ ਸ਼ਿਮਲਾ ਪਹਾੜੀ ਤੱਕ ਬਣੀ ਨਵੀਂ ਸੜਕ ਲੋਕਾਂ ਨੂੰ ਕੀਤੀ ਸਮਰਪਿਤ
-60 ਲੱਖ ਰੁਪਏ ਦੀ ਲਾਗਤ ਨਾਲ ਬਣੀ ਸੜਕ
ਹੁਸ਼ਿਆਰਪੁਰ, 19 ਸਤੰਬਰ : (ਮਨਦੀਪ ਕੌਰ) ਲੋਕਹਿੱਤ ਨਾਲ ਸਬੰਧਤ ਵਿਕਾਸ ਕਾਰਜਾਂ ਨੂੰ ਹੁਲਾਰਾ ਦਿੰਦੇ ਹੋਏ ਹੁਸ਼ਿਆਰਪੁਰ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਦੇ ਚੇਅਰਮੈਨ, ਬ੍ਰਮ ਸ਼ੰਕਰ ਜ਼ਿੰਪਾ ਨੇ ਅੱਜ ਧੋਬੀ ਘਾਟ ਚੌਕ ਤੋਂ ਸ਼ਿਮਲਾ ਪਹਾੜੀ ਤੱਕ ਨਵੀਂ ਬਣੀ ਸੜਕ ਨੂੰ ਜਨਤਾ ਨੂੰ ਸਮਰਪਿਤ ਕੀਤਾ। ਇਸ ਸੜਕ ਦੇ ਨਿਰਮਾਣ ‘ਤੇ 60 ਲੱਖ ਰੁਪਏ ਦੀ ਲਾਗਤ ਆਈ ਹੈ।
ਇਸ ਮੌਕੇ ਆਯੋਜਿਤ ਪ੍ਰੋਗਰਾਮ ਪੀਡੀ ਆਰੀਆ ਸਮਾਜ ਸਕੂਲ, ਬਹਾਦਰਪੁਰ ਚੌਕ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਜ਼ਿੰਪਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਸੁਚਾਰੂ ਆਵਾਜਾਈ ਅਤੇ ਬਿਹਤਰ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਉਨ੍ਹਾਂ ਦੀ ਪਹਿਲੀ ਤਰਜ਼ੀਹ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦਾ ਨਿਰਮਾਣ ਸਥਾਨਕ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਸੀ, ਜੋ ਹੁਣ ਪੂਰੀ ਹੋ ਗਈ ਹੈ।
ਵਿਧਾਇਕ ਨੇ ਕਿਹਾ ਕਿ ਪਹਿਲੀ ਵਾਰ ਹੁਸ਼ਿਆਰਪੁਰ ਵਿੱਚ ਸਟਰਾਮ ਸੀਵਰ ਦਾ ਕੰਮ ਹੋਇਆ ਹੈ, ਜਿਸ ਲਈ ਸ਼ਿਮਲਾ ਪਹਾੜੀ ਤੋਂ ਭੰਗੀ ਚੋਆ ਤੱਕ ਪਾਈਪਲਾਈਨ ਵਿਛਾਈ ਗਈ ਹੈ। ਇਸ ‘ਤੇ ਵੀ 2.25 ਕਰੋੜ ਰੁਪਏ ਦੀ ਲਾਗਤ ਆਈ ਹੈ।
ਵਿਧਾਇਕ ਜ਼ਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿੱਚ ਸੰਤੁਲਿਤ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਨਤਾ ਨਾਲ ਕੀਤੇ ਗਏ ਸਾਰੇ ਵਾਅਦੇ ਇੱਕ-ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਸਥਾਨਕ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਬਣੇ ਬੁਨਿਆਦੀ ਢਾਂਚੇ ਦੀ ਸਾਂਭ-ਸੰਭਾਲ ਕਰਨ ਅਤੇ ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸੁਰਿੰਦਰ ਭੋਗਲ, ਬਲਾਕ ਪ੍ਰਧਾਨ ਜਸਪਾਲ ਸੁਮਨ,ਕੌਂਸਲਰ ਮਨਜੀਤ, ਕੌਂਸਲਰ ਪ੍ਰਦੀਪ ਬਿੱਟੂ, ਵਿਕਾਸ ਮੱਟੂ, ਜੋਗਿੰਦਰ ਰਾਜਾ, ਨਿੱਕਾ ਸੈਣੀ, ਐਡਵੋਕੇਟ ਅਮਰਜੋਤ ਸੈਣੀ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀ ਵੀ ਹਾਜ਼ਰ ਸਨ।