ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਕਿਸਾਨਾਂ ਦੇ ਖੇਤ ਪੱਧਰੇ ਕਰਨ ਲਈ ਆਇਆ ਟ੍ਰੈਕਟਰਾਂ ਦਾ “ਹੜ੍ਹ”*

देश पंजाब

*ਸੰਤ ਸੀਚੇਵਾਲ ਦੀ ਅਪੀਲ ਦਾ ਅਸਰ-ਦਾਨੀ ਸੱਜਣ ਡੀਜ਼ਲ ਲੈਕੇ ਪਹੁੰਚਣ ਲੱਗੇ*

*ਖਾਣ-ਪੀਣ ਵਾਲੀਆਂ ਵਸਤਾਂ ਤੋਂ ਪੀੜਤਾਂ ਨੇ ਹੀ ਕੀਤੀ ਤੌਬਾ*

*ਕਿਸਾਨਾਂ ਦੀਆਂ ਜ਼ਮੀਨਾਂ ਵਾਹੀਯੋਗ ਬਣਾਉਣ ਲਈ ਟਰੈਕਟਰ ਕਰਾਹੇ ਤੇ ਡੀਜ਼ਲ ਦੀ ਲੋੜ*

ਸੁਲਤਾਨਪੁਰ ਲੋਧੀ, 25 ਸਤੰਬਰ (ਮਨਦੀਪ ਕੌਰ)

ਬਾਊਪੁਰ ਮੰਡ ਵਿੱਚ ਹੜ੍ਹ ਨਾਲ ਕਿਸਾਨਾਂ ਦੇ ਖੇਤਾਂ ਵਿੱਚ ਚੜ੍ਹੀ ਰੇਤਾ ਤੇ ਗਾਰ ਨੂੰ ਹਟਾਉਣ ਲਈ ਵੱਡੀ ਗਿਣਤੀ ਵਿੱਚ ਚੱਲ ਰਹੇ ਟ੍ਰੈਕਟਰ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੇ ਹਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ਵਿੱਚੋਂ ਨੌਜਵਾਨ ਇਹ ਟ੍ਰੈਕਟਰ ਲੈਕੇ ਆਏ ਹੋਏ ਹਨ। ਕਿਸਾਨਾਂ ਦੇ ਖੇਤਾਂ ਵਿੱਚੋਂ ਰੇਤ ਕੱਢਣ ਲਈ ਇੱਕੋਂ ਸਮੇਂ 75 ਤੋਂ ਵੱਧ ਟੈ੍ਰਕਟਰ ਧੂੜ੍ਹਾਂ ਪੁੱਟ ਰਹੇ ਹਨ।

ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੰਜਾਬ ਭਰ ਦੇ ਲੋਕਾਂ ਨੂੰ ਡੀਜ਼ਲ ਲਿਆਉਣ ਦੀ ਕੀਤੀ ਅਪੀਲ ਅਸਰ ਦਿਖਾਉਣ ਲੱਗ ਪਈ ਹੈ। ਬਾਊਪੁਰ ਮੰਡ ਇਲਾਕੇ ਵਿੱਚ ਖੇਤ ਪੱਧਰੇ ਕਰਨ ਲਈ ਆਉਣ ਵਾਲੇ ਨੌਜਵਾਨਾਂ 15 ਤੋਂ 20 ਟ੍ਰੈਕਟਰਾਂ ਦਾ ਟੋਲਾ ਲੈਕੇ ਆ ਰਹੇ ਹਨ। ਉਹ ਆਪਣੇ ਨਾਲ ਦੋ ਤੋਂ ਤਿੰਨ ਹਜ਼ਾਰ ਲੀਟਰ ਡੀਜ਼ਲ ਰੱਖਣ ਦੀ ਸਮਰੱਥਾ ਵਾਲਾ ਟੈਂਕਰ ਵੀ ਲਿਆ ਰਹੇ ਹਨ।

ਕਿਸਾਨਾਂ ਦੇ ਖੇਤ ਪੱਧਰੇ ਕਰਨ ਲਈ ਆਏ ਨੌਜਵਾਨ ਤਿੰਨ ਤੋਂ ਚਾਰ ਦਿਨ ਤੱਕ ਮੰਡ ਇਲਾਕੇ ਵਿੱਚ ਹੀ ਆਪਣੇ ਡੇਰੇ ਲਾ ਕੇ ਰੱਖਦੇ ਹਨ ਤੇ ਦਿਨ ਚੜ੍ਹਦੇ ਨੂੰ ਇਹ ਨੌਜਵਾਨ ਖੇਤਾਂ ਵਿੱਚੋਂ ਰੇਤਾ ਕੱਢਣ ਦੇ ਕੰਮ ਵਿੱਚ ਜੁਟ ਜਾਂਦੇ ਹਨ।

ਜ਼ਿਕਰਯੋਗ ਹੈ ਕਿ ਬਾਊਪੁਰ ਮੰਡ ਇਲਾਕੇ ਵਿੱਚ 10 ਅਗਸਤ ਦੀ ਰਾਤ ਨੂੰ ਆਰਜ਼ੀ ਬੰਨ੍ਹ ਟੁੱਟਣ ਨਾਲ ਹੀ ਆਏ ਹੜ੍ਹ ਨੇ 17 ਪਿੰਡਾਂ ਦੀ ਝੋਨੇ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਸੀ। ਇਸ ਖਿੱਤੇ ਵਿੱਚ 3500 ਏਕੜ ਝੋਨੇ ਦੀ ਫ਼ਸਲ ਸੀ ਜਿਹੜੀ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ ਸੀ। ਬਾਊਪੁਰ ਮੰਡ ਵਿੱਚ ਲਗਤਾਰ 30 ਦਿਨ ਤੱਕ ਪਾਣੀ ਖੜਾ ਰਿਹਾ ਸੀ, ਜਿਸ ਕਾਰਨ ਜਿੱਥੇ ਫਸਲਾਂ ਤਬਾਹ ਹੋ ਗਈਆਂ ਸਨ ਉਥੇ ਕਿਸਾਨਾਂ ਦੇ ਪਸ਼ੂ ਧੰਨ ਦਾ ਵੀ ਵੱਡੀ ਪੱਧਰ ‘ਤੇ ਨੁਕਸਾਨ ਹੋ ਗਿਆ ਸੀ।

ਅੱਜ ਸਿੱਧਵਾਂ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਨੇਕੀ ਵੱਲੋਂ 2300 ਲੀਟਰ ਡੀਜ਼ਲ ਲਿਆਂਦਾ ਦੀ ਸੇਵਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਜਿਹੜੀ ਅਪੀਲ ਕੀਤੀ ਸੀ ਉਸ ‘ਤੇ ਫੁੱਲ ਚੜ੍ਹਾਉਂਦਿਆ ਵਿਦੇਸ਼ਾਂ ਵਿੱਚ ਗਏ ਉਨ੍ਹਾਂ ਦੇ ਬੱਚਿਆ ਨੇ ਕਿਸਾਨਾਂ ਦੀ ਮੱਦਦ ਵਾਸਤੇ ਡੀਜ਼ਲ ਭੇਜਣ ਦਾ ਫੈਸਲਾ ਕੀਤਾ ਸੀ। ਅੱਜ 2300 ਲੀਟਰ ਡੀਜ਼ਲ ਬਾਊਪੁਰ ਮੰਡ ਪਹੁੰਚਦਾ ਕੀਤਾ।

ਇਸੇ ਤਰ੍ਹਾਂ ਕੁੱਝ ਦਿਨ ਪਹਿਲਾਂ ਬਰਨਾਲੇ ਤੋਂ ਨੌਜਵਾਨ 15 ਟਰੈਕਟਰ, ਰਾਜਸਸਥਾਨ ਦੇ ਲਛਮਣਗੜ੍ਹ ਤੋਂ ਮੁਸਲਿਮ ਭਾਈਚਾਰੇ ਵੱਲੋਂ ਰਾਸ਼ਣ ਤੇ 50 ਹਜ਼ਾਰ ਦੀ ਡੀਜ਼ਲ ਲਈ ਸੇਵਾ, ਜਲੰਧਰ ਤੋਂ ਨੌਜਵਾਨਾਂ ਵੱਲੋਂ 600 ਲੀਟਰ ਡੀਜ਼ਲ ਦੀ ਸੇਵਾ ਤੇ ਪਸ਼ੂਆਂ ਲਈ 200 ਗੱਠਾਂ ਚੋਕਰ, ਪਿੰਡ ਭੂਤਘੜ ਜ਼ਿਲ੍ਹਾ ਪਟਿਆਲਾ, ਜੈਮਲ ਸਿੰਘ ਮੋਗਾ ਤੋਂ, ਪਿੰਡ ਮਾਂਗੇ ਬਰਨਾਲੇ ਤੋਂ, ਕਪੂਰਥਲੇ ਦੇ ਪਿੰਡ ਖੀਰਾਂਵਾਲੀ, ਜਹਾਂਗੀਰ, ਨੂਰਪੁਰ, ਜ਼ਿਲ਼੍ਹਾ ਸੰਗਰੂਰ ਤੋਂ, ਪਿੰਡ ਚਾਮੀਨਾਡਾ ਲੁਧਿਆਣਾ ਤੇ ਹੋਰ ਵੀ ਦੇਸ਼ ਭਰ ਤੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਲੋਕ ਟਰੈਕਟਰ ਤੇ ਡੀਜ਼ਲ ਦੀ ਸੇਵਾ ਲੈ ਕੇ ਪਹੁੰਚ ਰਹੇ ਹਨ।

Leave a Reply

Your email address will not be published. Required fields are marked *