ਵਿਸ਼ਾ ਰੈੱਡ ਕਰਾਸ ਸੁਸਾਇਟੀ ਵੱਲੋਂ ‘ਅਲਿਮਕੋ’ ਮੋਹਾਲੀ ਦੇ ਸਹਿਯੋਗ ਨਾਲ ਲਗਾਇਆ ਗਿਆ ਮੁਫ਼ਤ ਬਣਾਵਟੀ ਅੰਗ ਅਤੇ ਹੋਰ ਸਹਾਇਕ ਉਪਕਰਣਾ ਦੀ ਵੰਡ ਸਬੰਧੀ ਮੈਗਾ ਕੈਂਪ; 81 ਲਾਭਪਾਤਰੀਆਂ ਨੇ ਉਠਾਇਆ ਲਾਭ

पंजाब

ਮਾਨਯੋਗ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ, ਸ਼੍ਰੀਮਤੀ ਆਸ਼ਿਕਾ ਜੈਨ ਦੀ ਯੋਗ ਅਗਵਾਈ ਹੇਠਾ ਚਲਾਈ ਜਾ ਰਹੀ ਰੈੱਡ ਕਰਾਸ ਸੁਸਾਇਟੀ ਦੁਆਰਾ ‘ਅਲਿਮਕੋ’ ਮੋਹਾਲੀ ਦੇ ਸਹਿਯੋਗ ਨਾਲ ਅੱਜ ਬੀ.ਡੀ.ਪੀ.ਓ. ਦਫ਼ਤਰ ਦਸੂਹਾ ਵਿਖੇ ਇੱਕ ਵਿਸ਼ਾਲ ਮਾਨਵਤਾਵਾਦੀ ਕੈਂਪ ਸਫ਼ਲਤਾਪੂਰਵਕ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਮਨੋਰਥ ਸਮਾਜ ਦੇ ਪਛੜੇ ਅਤੇ ਸਰੀਰਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋੜਵੰਦ ਲੋਕਾਂ ਨੂੰ ਆਤਮ-ਨਿਰਭਰ ਬਣਾਉਣਾ ਸੀ।

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ਼੍ਰੀ ਮੰਗੇਸ਼ ਸੂਦ ਅਤੇ ਸੰਯੁਕਤ ਸਕੱਤਰ ਸ਼੍ਰੀ ਆਦਿਤਿਆ ਰਾਣਾ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਇਸ ਕੈਂਪ ਦੌਰਾਨ ਕੁੱਲ 81 ਲਾਭਪਾਤਰੀਆਂ ਦੀ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮੁਫ਼ਤ ਜਾਂਚ ਕੀਤੀ ਗਈ। ਕੈਂਪ ਵਿੱਚ ਵਿਸ਼ੇਸ਼ ਲੋੜਾਂ ਵਾਲੇ ਦਿਵਿਆਂਗਜਨਾਂ ਨੂੰ ਸਵੈ-ਨਿਰਭਰ ਬਣਾਉਣ ਲਈ 18 ਮੋਟਰਾਈਜ਼ਡ ਟ੍ਰਾਈਸਾਈਕਲ, 52 ਕੰਨਾਂ ਦੀਆਂ ਆਧੁਨਿਕ ਮਸ਼ੀਨਾਂ ਅਤੇ 08 ਵ੍ਹੀਲ ਚੇਅਰ ਤੁਰੰਤ ਮੌਕੇ ‘ਤੇ ਹੀ ਮੁਹੱਈਆ ਕਰਵਾਈਆਂ ਗਈਆਂ। ਇਸ ਦੇ ਨਾਲ ਹੀ 13 ਲਾਭਪਾਤਰੀਆਂ ਦੇ ਬਣਾਉਟੀ ਅੰਗਾਂ ਦੇ ਨਾਪ ਲਏ ਗਏ, ਜਿਨ੍ਹਾਂ ਨੂੰ ਅਗਲੇ 10 ਤੋਂ 15 ਦਿਨਾਂ ਦੇ ਅੰਦਰ-ਅੰਦਰ ਬਿਲਕੁਲ ਮੁਫ਼ਤ ਪ੍ਰਦਾਨ ਕਰ ਦਿੱਤਾ ਜਾਵੇਗਾ।

ਇਸ ਕੈਂਪ ਵਿੱਚ ਪਹੁੰਚੇ ਬਜ਼ੁਰਗਾਂ ਦੀ ਸਿਹਤ, ਆਰਾਮ ਅਤੇ ਸਰੀਰਕ ਸੁਖਾਲਤਾ ਨੂੰ ਮੁੱਖ ਰੱਖਦਿਆਂ ਰੈੱਡ ਕਰਾਸ ਵੱਲੋਂ 40 ਵਿਸਾਖੀਆਂ/ਸਟਿਕਸ ,ਵ੍ਹੀਲ ਚੇਅਰਾਂ ਲਈ 30 ਵਿਸ਼ੇਸ਼ ਕੁਸ਼ਨ ,08 ਗੋਡੇ ਦੇ ਬਰੇਸ, 40 ਲੋਅਰ ਲਿੰਬ ਬੈਲਟਾਂ ਅਤੇ 03 ਸਧਾਰਨ ਟ੍ਰਾਈਸਾਈਕਲ ਮੁਹੱਈਆ ਕਰਵਾਏ ਗਏ , ਤਾਂ ਜੋ ਬਜ਼ੁਰਗ ਆਪਣਾ ਰੋਜ਼ਾਨਾ ਦਾ ਜੀਵਨ ਸਵੈ-ਮਾਣ ਨਾਲ ਬਤੀਤ ਕਰ ਸਕਣ।

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸੰਯੁਕਤ ਸਕੱਤਰ ਸ਼੍ਰੀ ਆਦਿਤਿਆ ਰਾਣਾ ਨੇ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ ਦਾ ਮੁੱਖ ਮਨੋਰਥ ਲੋੜਵੰਦਾਂ, ਦਿਵਿਆਂਗਜਨਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣਾ ਹੈ ਅਤੇ ਰੈੱਡ ਕਰਾਸ ਇਸ ਕਾਰਜ ਨੂੰ ਲਗਾਤਾਰ ਪੂਰੀ ਤਨਦੇਹੀ ਨਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਰੈੱਡ ਕਰਾਸ ਹੁਸ਼ਿਆਰਪੁਰ ਵੱਲੋਂ 800 ਤੋਂ ਵੱਧ ਵਿਸ਼ੇਸ਼ ਲੋੜਾਂ ਵਾਲੇ ਲੋੜਵੰਦਾਂ, ਦਿਵਿਆਂਗਜਨਾਂ, ਨੇਤਰਹੀਣਾਂ ਅਤੇ ਵਿਸ਼ੇਸ਼ ਬੱਚਿਆਂ ਦੀ ਮਦਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਸਥਾ ਭਵਿੱਖ ਵਿੱਚ ਵੀ ਨਿਰਸਵਾਰਥ ਭਾਵਨਾ ਨਾਲ ਅਜਿਹੀਆਂ ਮਾਨਵਤਾਵਾਦੀ ਸੇਵਾਵਾਂ ਨੂੰ ਨਿਰੰਤਰ ਜਾਰੀ ਰੱਖਣ ਅਤੇ ਹਰ ਲੋੜਵੰਦ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਵੱਲੋਂ ਕੈਂਪ ਵਿੱਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਸ਼੍ਰੀ ਕਰਮਬੀਰ ਸਿੰਘ ਘੁੰਮਣ ਅਤੇ ਸ਼੍ਰੀ ਸੰਦੀਪ ਸਿੰਘ ਜੀ ਦੇ ਨਿੱਜੀ ਯਤਨਾਂ ਦਾ ਧੰਨਵੀਦ ਕੀਤਾ, ਜਿਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਕੇ ਕੈਂਪ ਵਿੱਚ ਜਨਤਾ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੀਰੀ ਪੀਰੀ ਸੁਸਾਇਟੀ ਗਰਨਾ ਸਾਹਿਬ ਤੋਂ ਮਨਦੀਪ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਸਮਰਪਣ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਕੈਂਪ ਦੇ ਸੁਚਾਰੂ ਪ੍ਰਬੰਧਨ ਲਈ ਉਨ੍ਹਾਂ ਦਾ ਕਾਰਜ ਬੇਮਿਸਾਲ ਰਿਹਾ। ਇਸ ਕੈਂਪ ਦੌਰਾਨ ਮੈਡਮ ਕੁਲਵੰਤ ਕੌਰ, ਮੈਂਬਰ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਰੈੱਡ ਕਰਾਸ ਸਟਾਫ਼ ਮੈਂਬਰ ਸ਼੍ਰਈਮਤੀ ਕੁਲਵੀਰ ਕੌਰ, ਸ਼੍ਰੀਮਤੀ ਰਚਨਾ ਜੈਨ, ਸ਼੍ਰੀ ਪ੍ਰਭਜੋਤ, ਸ਼੍ਰੀ ਬਲਜਿੰਦਰ ਅਤੇ ਸ਼੍ਰੀ ਯੋਗੇਸ਼ ਕੁੰਦਰਾ ਵੀ ਮੌਜੂਦ ਰਹੇ।

Leave a Reply

Your email address will not be published. Required fields are marked *