ਜੋਲੀ ਹੁਸ਼ਿਆਰਪੁਰ। ਸ਼ਾਮਚੁਰਾਸੀ ਵਿਧਾਨ ਸਭਾ ਹਲਕੇ ਵਿੱਚ ਸਥਿਤ ਧੁੱਗਾ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਨਾਮ ਸ਼ਹੀਦ ਵਰਿਆਮ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਧੁੱਗਾ ਰੱਖਿਆ ਗਿਆ ਹੈ। ਪਿੰਡ ਵਾਸੀ ਲੰਬੇ ਸਮੇਂ ਤੋਂ ਸਕੂਲ ਦਾ ਨਾਮ ਬਦਲਣ ਦੀ ਮੰਗ ਕਰ ਰਹੇ ਸਨ। ਸ਼ਾਮਚੁਰਾਸੀ ਹਲਕੇ ਦੇ ’ਆਪ’ ਵਿਧਾਇਕ ਡਾ. ਰਵਜੋਤ ਸਿੰਘ ਜੋ ਇਸ ਸਮੇਂ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ ਦੀਆਂ ਕੋਸ਼ਿਸ਼ਾਂ ਉਪਰੰਤ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਧੁੱਗਾ ਪਿੰਡ ਦੇ ਵਸਨੀਕ ਵਰਿਆਮ ਸਿੰਘ, ਭਾਰਤ ਦੀ ਆਜ਼ਾਦੀ ਲਈ ਚੱਲੀ ਬੱਬਰ ਲਹਿਰ ਵਿੱਚ ਇੱਕ ਪ੍ਰਮੁੱਖ ਹਸਤੀ ਸਨ। ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਨੂੰ ਫੜਨ ਲਈ ਵੱਡੇ ਇਨਾਮ ਐਲਾਨੇ ਸਨ। ਆਜ਼ਾਦੀ ਤੋਂ ਪਹਿਲਾਂ ਲਾਇਲਪੁਰ ਜ਼ਿਲ੍ਹੇ (ਹੁਣ ਪਾਕਿਸਤਾਨ ਵਿੱਚ) ਵਿੱਚ ਅੰਗਰੇਜ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਵਰਿਆਮ ਸਿੰਘ ਸ਼ਹੀਦ ਹੋ ਗਏ ਸਨ।

