ਕੇ.ਸੀ.ਸੀ. ਪਾਲਿਸੀ 2026 ਰੱਦ ਕੀਤੀ ਜਾਵੇ – ਮੇਜਰ ਸਿੰਘ ਪੁੰਨਾਵਾਲ
ਧੂਰੀ, 21 ਅਕਤੂਬਰ (ਵਰਿੰਦਰ ਕੁਮਾਰ ਬਿਊਰੋ ਚੀਫ): ਧੂਰੀ ਵਿਖੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਅਤੇ ਕੇਂਦਰੀ ਆਗੂ ਮੇਜਰ ਸਿੰਘ ਪੁੰਨਾਂਵਾਲ ਦੀ ਅਗਵਾਈ ਹੇਠ ਕਿਸਾਨਾਂ ਦਾ ਇੱਕ ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ‘ਤੇ ਸਹਿਕਾਰੀ ਸਭਾਵਾਂ ਦੇ ਅਧਿਕਾਰੀ ਨੂੰ ਇੱਕ ਮੰਗ ਪੱਤਰ ਸੌਂਪਦਿਆਂ ਕਿਸਾਨੀ ਮੁਸ਼ਕਲਾਂ ਅਤੇ ਬੈਂਕਿੰਗ ਨੀਤੀਆਂ ਨਾਲ ਜੁੜੇ ਭਖਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਗਿਆ।
ਮੰਗ ਪੱਤਰ ਸੌਂਪਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਮੇਜਰ ਸਿੰਘ ਪੁੰਨਾਂਵਾਲ ਨੇ ਦੱਸਿਆ ਕਿ ਸਰਕਾਰ ਅਤੇ ਰਜਿਸਟਰਾਰ, ਸਹਿਕਾਰੀ ਸਭਾਵਾਂ ਪੰਜਾਬ ਵੱਲੋਂ ‘ਕੇ.ਸੀ.ਸੀ. ਪਾਲਿਸੀ 2026’ ਅਪਣਾਉਣ ਸਬੰਧੀ ਜਾਰੀ ਕੀਤੇ ਗਏ ਪੱਤਰ ਕਿਸਾਨ ਵਿਰੋਧੀ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਨਵੀਂ ਨੀਤੀ ਤਹਿਤ ਕਰਜ਼ੇ ਤਿਆਰ ਕਰਨ ਲਈ ਜਾਰੀ ਕੀਤੇ ਗਏ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਜਾਵੇ ਅਤੇ ਕਿਸਾਨਾਂ ਸਿਰ ਵਾਧੂ ਬੋਝ ਪਾਉਣਾ ਬੰਦ ਕੀਤਾ ਜਾਵੇ।
ਆਗੂ ਨੇ ਜ਼ੋਰਦਾਰ ਸ਼ਬਦਾਂ ਵਿੱਚ ਆਖਿਆ ਕਿ ਕਰਜ਼ਾ ਲੈਂਦੇ ਸਮੇਂ ਕਿਸਾਨਾਂ ਦੀਆਂ ਜ਼ਮੀਨਾਂ ਗਹਿਣੇ ਰੱਖਣ ਦੀ ਜਾਬਰ ਨੀਤੀ ਨੂੰ ਮੁਕੰਮਲ ਤੌਰ ‘ਤੇ ਖ਼ਤਮ ਕੀਤਾ ਜਾਵੇ ਅਤੇ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਡਿਫਾਲਟਰ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣ ਅਤੇ ‘ਇਕ-ਮੁਸ਼ਤ ਸਮਝੌਤਾ ਸਕੀਮ’ ਤਹਿਤ ਵਿਆਜ ਦਰਾਂ ਵਿੱਚ ਵੱਡੀ ਛੋਟ ਦੇ ਕੇ ਸਾਰੇ ਪੈਂਡਿੰਗ ਕੇਸਾਂ ਦਾ ਨਿਪਟਾਰਾ ਕੀਤਾ ਜਾਵੇ, ਤਾਂ ਜੋ ਕਿਸਾਨਾਂ ਨੂੰ ਸੁੱਖ ਦਾ ਸਾਹ ਮਿਲ ਸਕੇ। ਇਸ ਮੌਕੇ ਅਮਰੀਕ ਸਿੰਘ ਕਾਂਝਲਾ, ਸੁਖਵੰਤ ਸਿੰਘ ਭਸੌੜ, ਬਖਸੀਸ ਸਿੰਘ, ਰਾਮ ਚੰਦ, ਹਸਨ ਖਾਂ ਕਾਂਝਲਾ, ਦਰਸ਼ਨ ਪਾਲ, ਇੰਦਰਪਾਲ ਪੁੰਨਾਂਵਾਲ, ਦਰਬਾਰਾ ਸਿੰਘ ਬੇਨੜਾ ਆਦਿ ਵੀ ਹਾਜਰ ਸਨ।
ਫੋਟੋ ਕੈਪਸ਼ਨ ਧੂਰੀ – ਮੰਗ ਪੱਤਰ ਸੌਂਪਦੇ ਹੋਏ ਕੁਲ ਹਿੰਦ ਕਿਸਾਨ ਸਭਾ ਦੇ ਮੈਂਬਰ

