ਸੁਨਾਮ, ਚੀਮਾ ਅਤੇ ਲੌਂਗੋਵਾਲ ਵਿੱਚ ਲਗਭਗ 66 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ; 510 ਸਟ੍ਰੀਟ ਲਾਈਟਾਂ, 71 ਸੀਸੀਟੀਵੀ ਕੈਮਰੇ ਅਤੇ ਤਿੰਨ ਜਨਤਕ ਪਖਾਨਿਆਂ ਦੀ ਸਹੂਲਤ ਮਿਲੇਗੀ

पंजाब

ਸੁਨਾਮ, 01 ਨਵੰਬਰ (ਵਰਿੰਦਰ ਕੁਮਾਰ ਬਿਊਰੋ ਚੀਫ): ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਸੁਨਾਮ ਵਿਧਾਨ ਸਭਾ ਹਲਕੇ ਦੇ ਸਰਬਪੱਖੀ ਵਿਕਾਸ, ਸ਼ਹਿਰੀ ਸੁੰਦਰੀਕਰਨ ਅਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੀਆਂ ਲੋੜਾਂ ਮੁਤਾਬਕ ਵਿਕਾਸ ਕਾਰਜ ਕਰਵਾਉਣ ਅਤੇ ਜਨਤਕ ਸਹੂਲਤਾਂ ਦੇ ਨਿਰੰਤਰ ਰੱਖ-ਰਖਾਅ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਸੁਨਾਮ, ਚੀਮਾ ਅਤੇ ਲੌਂਗੋਵਾਲ ਵਿੱਚ ਲਗਭਗ 66 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਤਹਿਤ ਤਿੰਨਾਂ ਸ਼ਹਿਰਾਂ ਵਿੱਚ ਕੁੱਲ 510 ਨਵੀਆਂ ਸਟ੍ਰੀਟ ਲਾਈਟਾਂ ਅਤੇ 71 ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸੁਨਾਮ ਦੇ ਨਵਾਂ ਬਾਜ਼ਾਰ, ਪੁਰਾਣੀ ਅਨਾਜ ਮੰਡੀ ਅਤੇ ਪੀਰ ਵਾਲਾ ਗੇਟ ਵਿਖੇ ਤਿੰਨ ਆਧੁਨਿਕ ਜਨਤਕ ਪਖਾਨੇ ਬਣਾਏ ਜਾ ਰਹੇ ਹਨ, ਜਿਨ੍ਹਾਂ ਨਾਲ ਬਾਜ਼ਾਰਾਂ ਵਿੱਚ ਆਉਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਸਹੂਲਤ ਮਿਲੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਸਟ੍ਰੀਟ ਲਾਈਟਾਂ ਲੱਗਣ ਨਾਲ ਰਾਤ ਸਮੇਂ ਆਵਾਜਾਈ ਸੁਖਾਲੀ ਹੋਵੇਗੀ, ਜਦਕਿ ਸੀਸੀਟੀਵੀ ਕੈਮਰਿਆਂ ਨਾਲ ਜਨਤਕ ਸਥਾਨਾਂ ਦੀ ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਦੱਸਿਆ ਕਿ ਲਾਈਟਾਂ ਅਤੇ ਕੈਮਰੇ ਲਗਾਉਣ ਦਾ ਕੰਮ ਅਗਲੇ 15 ਤੋਂ 20 ਦਿਨਾਂ ਵਿੱਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਸ੍ਰੀ ਅਰੋੜਾ ਨੇ ਕਿਹਾ ਕਿ ਇਨ੍ਹਾਂ ਸਹੂਲਤਾਂ ਦੇ ਨਾਲ ਉਨ੍ਹਾਂ ਦੇ ਰੱਖ-ਰਖਾਅ ਦਾ ਵੀ ਪੁਖ਼ਤਾ ਪ੍ਰਬੰਧ ਕੀਤਾ ਗਿਆ ਹੈ। ਸਬੰਧਤ ਕੰਪਨੀ ਨਾਲ ਪੰਜ ਸਾਲਾਂ ਦਾ ਰੱਖ-ਰਖਾਅ ਇਕਰਾਰਨਾਮਾ ਕੀਤਾ ਗਿਆ ਹੈ, ਜਿਸ ਤਹਿਤ ਕੋਈ ਲਾਈਟ ਜਾਂ ਕੈਮਰਾ ਖ਼ਰਾਬ ਹੋਣ ’ਤੇ ਕੰਪਨੀ ਉਸ ਦੀ ਮੁਰੰਮਤ ਜਾਂ ਲੋੜ ਅਨੁਸਾਰ ਤਬਦੀਲੀ ਕਰਨ ਲਈ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਜਨਤਕ ਪੈਸੇ ਨਾਲ ਤਿਆਰ ਕੀਤੀਆਂ ਸਹੂਲਤਾਂ ਦਾ ਲੰਮੇ ਸਮੇਂ ਤੱਕ ਲੋਕਾਂ ਨੂੰ ਲਾਭ ਮਿਲਣਾ ਯਕੀਨੀ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਖ਼ਰਾਬ ਹੋਣ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਸੰਪਰਕ ਨੰਬਰ 82690-00302 ਜਨਤਕ ਕੀਤਾ ਗਿਆ ਹੈ। ਇਹ ਨੰਬਰ ਹਰੇਕ ਖੰਭੇ ’ਤੇ ਦਰਜ ਕੀਤਾ ਜਾਵੇਗਾ ਤਾਂ ਜੋ ਲੋਕ ਲੋੜ ਪੈਣ ’ਤੇ ਸਿੱਧਾ ਸੰਪਰਕ ਕਰ ਸਕਣ। ਰੇਲਵੇ ਅੰਡਰਬ੍ਰਿਜ ਨੇੜਲੀ ਸੜਕ ਦੇ ਮਸਲੇ ਬਾਰੇ ਸ੍ਰੀ ਅਰੋੜਾ ਨੇ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਕੰਮ ਵਿੱਚ ਹੋ ਰਹੀ ਦੇਰੀ ਕਾਰਨ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਨਗਰ ਕੌਂਸਲ ਆਪਣੇ ਪੱਧਰ ’ਤੇ ਇਸ ਸੜਕ ਨੂੰ ਪਹਿਲ ਦੇ ਆਧਾਰ ’ਤੇ ਬਣਾਏਗੀ। ‘ਮੇਰੀ ਦੁਕਾਨ ਮੇਰੇ ਨਾਮ’ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਲੰਮੇ ਸਮੇਂ ਤੋਂ ਦੁਕਾਨਾਂ ਚਲਾ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਰਹੇ ਯੋਗ ਦੁਕਾਨਦਾਰਾਂ ਨੂੰ ਮਾਲਕੀ ਹੱਕ ਦੇਣਾ ਪੰਜਾਬ ਸਰਕਾਰ ਦਾ ਅਹਿਮ ਲੋਕ-ਪੱਖੀ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਸਕੀਮ ਦੀਆਂ ਸ਼ਰਤਾਂ ਤਹਿਤ ਸਰਕਾਰੀ ਜਾਂ ਮਿਊਂਸੀਪਲ ਜਾਇਦਾਦਾਂ ਵਿੱਚ 12 ਸਾਲਾਂ ਤੋਂ ਵੱਧ ਸਮੇਂ ਤੋਂ ਦੁਕਾਨਾਂ ਚਲਾ ਰਹੇ ਯੋਗ ਕਾਰੋਬਾਰੀਆਂ ਨੂੰ ਮਾਲਕੀ ਹੱਕ ਦੇਣ ਦੀ ਪ੍ਰਕਿਰਿਆ ਅੱਗੇ ਵਧਾਈ ਜਾ ਰਹੀ ਹੈ। ਸੁਨਾਮ ਵਿੱਚ ਅਜਿਹੇ 182 ਦੁਕਾਨਦਾਰਾਂ ਦੀ ਪਛਾਣ ਕੀਤੀ ਗਈ ਹੈ।
ਸ੍ਰੀ ਅਰੋੜਾ ਨੇ ਸੁਨਾਮ, ਚੀਮਾ ਅਤੇ ਲੌਂਗੋਵਾਲ ਦੇ ਯੋਗ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ 6 ਤਾਰੀਖ਼ ਤੱਕ ਆਪਣੇ ਅਰਜ਼ੀ ਫ਼ਾਰਮ ਲੋੜੀਂਦੇ ਦਸਤਾਵੇਜ਼ਾਂ ਸਮੇਤ ਸਬੰਧਤ ਨਗਰ ਕੌਂਸਲ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ। ਉਨ੍ਹਾਂ ਨਗਰ ਕੌਂਸਲਾਂ ਦੇ ਪ੍ਰਧਾਨਾਂ ਅਤੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਦੁਕਾਨਦਾਰਾਂ ਨਾਲ ਸਿੱਧਾ ਸੰਪਰਕ ਕਰਕੇ ਉਨ੍ਹਾਂ ਨੂੰ ਫ਼ਾਰਮ ਭਰਨ ਅਤੇ ਦਸਤਾਵੇਜ਼ ਪੂਰੇ ਕਰਨ ਵਿੱਚ ਸਹਿਯੋਗ ਦਿੱਤਾ ਜਾਵੇ ਤਾਂ ਜੋ ਕੋਈ ਯੋਗ ਲਾਭਪਾਤਰੀ ਜਾਣਕਾਰੀ ਦੀ ਘਾਟ ਕਾਰਨ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਕਈ ਦਹਾਕਿਆਂ ਤੋਂ ਕਾਰੋਬਾਰ ਕਰ ਰਹੇ ਪਰਿਵਾਰਾਂ ਨੂੰ ਉਜਾੜਨ ਦੀ ਥਾਂ ਉਨ੍ਹਾਂ ਦੇ ਰੋਜ਼ਗਾਰ ਨੂੰ ਸਥਿਰਤਾ ਦੇਣਾ ਸਰਕਾਰ ਦੀ ਤਰਜੀਹ ਹੈ। ਮਾਲਕੀ ਦੇ ਦਸਤਾਵੇਜ਼ ਮਿਲਣ ਨਾਲ ਦੁਕਾਨਦਾਰਾਂ ਦੀ ਅਨਿਸ਼ਚਿਤਤਾ ਦੂਰ ਹੋਵੇਗੀ ਅਤੇ ਉਹ ਨਿਯਮਾਂ ਅਨੁਸਾਰ ਬੈਂਕ ਕਰਜ਼ੇ ਵਰਗੀਆਂ ਸਹੂਲਤਾਂ ਦਾ ਲਾਭ ਲੈ ਕੇ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਦੇ ਯੋਗ ਹੋ ਸਕਣਗੇ। ਇਸ ਮੌਕੇ ਨਗਰ ਕੌਂਸਲ ਸੁਨਾਮ, ਚੀਮਾ ਅਤੇ ਲੌਂਗੋਵਾਲ ਦੇ ਪ੍ਰਧਾਨ, ਕੌਂਸਲਰ, ਸਬੰਧਤ ਅਧਿਕਾਰੀ, ਟਰੇਡ ਯੂਨੀਅਨਾਂ ਦੇ ਨੁਮਾਇੰਦੇ ਅਤੇ ਸ਼ਹਿਰਾਂ ਦੇ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *