ਪੈਨਸ਼ਨਰ ਸੇਵਾ ਮੇਲੇ’ ਦੇ ਦੂਜੇ ਦਿਨ ਐਡੀਸ਼ਨਲ ਡਾਇਰੈਕਟਰ ਸਿਮਰਨਜੀਤ ਕੌਰ ਮਾਨ ਨੇ ਈ-ਕੇ.ਵਾਈ.ਸੀ. ਪ੍ਰਕਿਰਿਆ ਦਾ ਲਿਆ ਜਾਇਜ਼ਾ

पंजाब

ਸੰਗਰੂਰ, 20 ਨਵੰਬਰ (ਵਰਿੰਦਰ ਕੁਮਾਰ ਬਿਊਰੋ ਚੀਫ): ਜ਼ਿਲ੍ਹਾ ਖ਼ਜ਼ਾਨਾ ਦਫ਼ਤਰ, ਸੰਗਰੂਰ ਵਿਖੇ ਚੱਲ ਰਹੇ ਤਿੰਨ ਰੋਜ਼ਾ ‘ਪੈਨਸ਼ਨਰ ਸੇਵਾ ਮੇਲੇ’ ਦੇ ਦੂਜੇ ਦਿਨ ਐਡੀਸ਼ਨਲ ਡਾਇਰੈਕਟਰ ਸਿਮਰਜੀਤ ਕੌਰ ਮਾਨ ਨੇ ਪੈਨਸ਼ਨਰਾਂ ਦੀ ਈ-ਕੇ.ਵਾਈ.ਸੀ. ਪ੍ਰਕਿਰਿਆ ਅਤੇ ਉਨ੍ਹਾਂ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਬਲਵਿੰਦਰ ਕੌਰ ਸੋਹੀ ਨੇ ਉਨ੍ਹਾਂ ਨੂੰ ਮੇਲੇ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਪੈਨਸ਼ਨਰਾਂ ਦੀ ਸਹਾਇਤਾ ਲਈ ਸਥਾਪਤ ਕਾਊਂਟਰਾਂ ਬਾਰੇ ਜਾਣਕਾਰੀ ਦਿੱਤੀ।
ਸਿਮਰਨਜੀਤ ਕੌਰ ਮਾਨ ਨੇ ਮੇਲੇ ਵਿੱਚ ਆਏ ਪੈਨਸ਼ਨਰਾਂ ਨਾਲ ਗੱਲਬਾਤ ਕੀਤੀ ਅਤੇ ਸਟਾਫ਼ ਵੱਲੋਂ ਈ-ਕੇ.ਵਾਈ.ਸੀ., ਪੈਨਸ਼ਨਰ ਸੇਵਾ ਪੋਰਟਲ ’ਤੇ ਰਜਿਸਟ੍ਰੇਸ਼ਨ, ਮੋਬਾਈਲ ਨੰਬਰ ਅਪਡੇਟ ਕਰਨ ਅਤੇ ਸਾਲਾਨਾ ਜੀਵਨ ਪ੍ਰਮਾਣ ਪੱਤਰ ਆਨਲਾਈਨ ਜਮ੍ਹਾਂ ਕਰਵਾਉਣ ਲਈ ਦਿੱਤੀ ਜਾ ਰਹੀ ਸਹਾਇਤਾ ਬਾਰੇ ਜਾਣਿਆ। ਉਨ੍ਹਾਂ ਸਟਾਫ਼ ਨੂੰ ਕਿਹਾ ਕਿ ਬਜ਼ੁਰਗ ਪੈਨਸ਼ਨਰਾਂ ਦੀ ਗੱਲ ਧਿਆਨ ਨਾਲ ਸੁਣੀ ਜਾਵੇ ਅਤੇ ਉਨ੍ਹਾਂ ਨੂੰ ਡਿਜੀਟਲ ਪ੍ਰਕਿਰਿਆ ਪੂਰੀ ਕਰਨ ਵਿੱਚ ਲੋੜੀਂਦੀ ਮਦਦ ਦਿੱਤੀ ਜਾਵੇ। ਇਸ ਦੌਰਾਨ ਪੈਨਸ਼ਨਰਜ਼ ਯੂਨੀਅਨ ਦੇ ਨੁਮਾਇੰਦਿਆਂ ਨੇ ਐਡੀਸ਼ਨਲ ਡਾਇਰੈਕਟਰ ਨਾਲ ਮੁਲਾਕਾਤ ਕਰਕੇ ਪੈਨਸ਼ਨਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਭਰੋਸਾ ਦਿਵਾਇਆ ਕਿ ਯੂਨੀਅਨ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨਾਲ ਤਾਲਮੇਲ ਕਰਕੇ ਪੈਨਸ਼ਨਰਾਂ ਦੀ ਈ-ਕੇ.ਵਾਈ.ਸੀ. ਮੁਕੰਮਲ ਕਰਵਾਉਣ ਵਿੱਚ ਪੂਰਾ ਸਹਿਯੋਗ ਦੇਵੇਗੀ।
ਐਡੀਸ਼ਨਲ ਡਾਇਰੈਕਟਰ ਸਿਮਰਨਜੀਤ ਕੌਰ ਮਾਨ ਅਤੇ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਬਲਵਿੰਦਰ ਕੌਰ ਸੋਹੀ ਨੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਪੈਨਸ਼ਨਰਾਂ ਨੂੰ ਪੈਨਸ਼ਨ ਸਬੰਧੀ ਕੰਮਾਂ ਵਿੱਚ ਕੋਈ ਦਿੱਕਤ ਨਾ ਆਵੇ, ਇਸ ਲਈ ਵਿਭਾਗ ਵੱਲੋਂ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਈ-ਕੇ.ਵਾਈ.ਸੀ. ਅਤੇ ਪੈਨਸ਼ਨਰਾਂ ਦੇ ਸੰਪਰਕ ਵੇਰਵੇ ਅਪਡੇਟ ਕਰਨ ਨਾਲ ਭਵਿੱਖ ਵਿੱਚ ਪੈਨਸ਼ਨ ਸੇਵਾਵਾਂ ਲੈਣ ਸਮੇਂ ਆ ਸਕਦੀਆਂ ਅੜਚਣਾਂ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ।
ਬਲਵਿੰਦਰ ਕੌਰ ਸੋਹੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੀਬ 15 ਹਜ਼ਾਰ ਪੈਨਸ਼ਨਰ ਅਤੇ ਫੈਮਿਲੀ ਪੈਨਸ਼ਨਰ ਹਨ। ਪੰਜਾਬ ਸਰਕਾਰ ਦੇ ਪੈਨਸ਼ਨਰ ਸੇਵਾ ਪੋਰਟਲ ਰਾਹੀਂ ਪੈਨਸ਼ਨ ਨਾਲ ਸਬੰਧਤ ਕੰਮ ਆਨਲਾਈਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਲੇ ਵਿੱਚ ਵੱਖ-ਵੱਖ ਸੇਵਾਵਾਂ ਲਈ ਕਾਊਂਟਰ ਬਣਾਏ ਗਏ ਹਨ, ਜਿੱਥੇ ਸਟਾਫ਼ ਪੈਨਸ਼ਨਰਾਂ ਨੂੰ ਵੇਰਵੇ ਦਰਜ ਕਰਵਾਉਣ ਅਤੇ ਪ੍ਰਕਿਰਿਆ ਪੂਰੀ ਕਰਨ ਵਿੱਚ ਸਹਾਇਤਾ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਲਾ 21 ਨਵੰਬਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗਾ। ਮੇਲੇ ਵਿੱਚ ਆਉਣ ਵਾਲੇ ਪੈਨਸ਼ਨਰ ਆਪਣੀ ਪੀ.ਪੀ.ਓ. ਦੀ ਕਾਪੀ, ਆਧਾਰ ਕਾਰਡ, ਬੈਂਕ ਪਾਸਬੁੱਕ ਅਤੇ ਆਧਾਰ ਨਾਲ ਸਬੰਧਤ ਓ.ਟੀ.ਪੀ. ਪ੍ਰਾਪਤ ਕਰਨ ਵਾਲਾ ਮੋਬਾਈਲ ਫ਼ੋਨ ਨਾਲ ਲੈ ਕੇ ਆਉਣ। ਉਨ੍ਹਾਂ ਸਮੂਹ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਬਾਕੀ ਰਹਿੰਦੇ ਦਿਨਾਂ ਵਿੱਚ ਇਸ ਸਹੂਲਤ ਦਾ ਲਾਭ ਲੈਣ ਦੀ ਅਪੀਲ ਕੀਤੀ। ਪੈਨਸ਼ਨਰ ਸੇਵਾ ਪੋਰਟਲ pensionersewa.punjab.gov.in ਹੈ। ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 1800-180-2148 ਅਤੇ 0172-2996385/86 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *