*ਲੋਕ ਭਲਾਈ ਕਾਰਜਾਂ ਲਈ ਹਮੇਸ਼ਾਂ ਤੱਤਪਰ ਰਹਿਣਾ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜ਼ਲੀ : ਡਿਪਟੀ ਕਮਿਸ਼ਨਰ*

पंजाब शिक्षा

– *ਲੋਕ ਭਲਾਈ ਕਾਰਜਾਂ ਲਈ ਹਮੇਸ਼ਾਂ ਤੱਤਪਰ ਰਹਿਣਾ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜ਼ਲੀ : ਡਿਪਟੀ ਕਮਿਸ਼ਨਰ*

– ਬਾਬਾ ਸਾਹਿਬ ਦੇ ਜਨਮ ਦਿਵਸ ‘ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਸ਼ਰਧਾ ਦੇ ਫੁੱਲ ਕੀਤੇ ਅਰਪਿਤ
ਜਲੰਧਰ, 14 ਅਪ੍ਰੈਲ (ਮਨਦੀਪ ਕੌਰ)
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਅੱਜ ਭਾਰਤ ਰਤਨ ਡਾ. ਬੀ.ਆਰ.ਅੰਬੇਡਕਰ ਦੇ 134ਵੇਂ ਜਨਮ ਦਿਵਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜਲੰਧਰ ਵਿਖੇ ਬਾਬਾ ਸਾਹਿਬ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਅਤੇ ਦਫ਼ਤਰੀ ਸਟਾਫ ਮੌਜੂਦ ਸੀ।
ਡਿਪਟੀ ਕਮਿਸ਼ਨਰ ਨੇ ਭਾਰਤ ਰਤਨ ਡਾ. ਬੀ.ਆਰ.ਅੰਬੇਡਕਰ ਨੂੰ ਸਮੁੱਚੀ ਮਨੁੱਖਤਾ ਦਾ ਮਹਾਨ ਆਗੂ ਦੱਸਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਸਮੁੱਚੇ ਦੇਸ਼ ਨੂੰ ਇੱਕ ਧਾਗੇ ਵਿੱਚ ਪਰੋਦਿਆਂ ਬਰਾਬਰੀ ਵਾਲੇ ਸਮਾਜ ‘ਤੇ ਆਧਾਰਿਤ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਸੰਵਿਧਾਨ ਦਿੱਤਾ।
ਡਾ. ਅਗਰਵਾਲ ਨੇ ਕਿਹਾ ਕਿ ਆਦਰਸ਼ ਸਮਾਜ ਦੀ ਸਿਰਜਣਾ ਲਈ ਸਾਨੂੰ ਸਭ ਨੂੰ ਬਾਬਾ ਸਾਹਿਬ ਦੇ ਫ਼ਲਸਫੇ ਅਤੇ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਨਾਉਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਦੇਸ਼ ਦੇ ਵਿਕਾਸ ਵਿੱਚ ਡਾ. ਅੰਬੇਡਕਰ ਦਾ ਯੋਗਦਾਨ ਇੰਨਾ ਮਹਾਨ ਹੈ ਕਿ ਉਨ੍ਹਾਂ ਨੂੰ ਸਦੀਆਂ ਬਾਅਦ ਵੀ ਵਿਸ਼ਵ ਭਰ ਵਿੱਚ ਯਾਦ ਕੀਤਾ ਜਾਵੇਗਾ।
ਡਾ. ਅਗਰਵਾਲ ਨੇ ਇਹ ਵੀ ਕਿਹਾ ਕਿ ਇਸ ਮਹਾਨ ਰਾਸ਼ਟਰੀ ਨਾਇਕ ਦਾ ਜੀਵਨ ਅਤੇ ਫ਼ਲਸਫਾ ਲੋਕਾਂ ਨੂੰ ਦੇਸ਼ ਅਤੇ ਦੇਸ਼ ਵਾਸੀਆਂ ਦੀ ਨਿਰਸਵਾਰਥ ਸੇਵਾ ਲਈ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਸਮਾਜ ਦੇ ਕਿਸੇ ਇੱਕ ਫਿਰਕੇ ਜਾਂ ਵਰਗ ਦੇ ਨਹੀਂ ਸਗੋਂ ਸਮੁੱਚੀ ਮਨੁੱਖਤਾ ਦੇ ਆਗੂ ਸਨ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਇੱਕ ਦੂਰਅੰਦੇਸ਼ੀ ਆਗੂ ਸਨ, ਜਿਨ੍ਹਾਂ ਨੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਅਣਥੱਕ ਕੰਮ ਕੀਤਾ ਅਤੇ ਸਭ ਤੋਂ ਵਧ ਕੇ ਉਹ ਔਰਤਾਂ ਦੇ ਸਸ਼ਕਤੀਕਰਨ ਦੇ ਸੱਚੇ ਸਮਰਥਕ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਵੇਂ ਡਾ. ਅੰਬੇਡਕਰ ਇੱਕ ਸਧਾਰਣ ਪਰਿਵਾਰ ਨਾਲ ਸਬੰਧਤ ਸਨ ਪਰ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੇ ਉਨ੍ਹਾਂ ਨੂੰ ਆਲਮੀ ਪੱਧਰ ਦੀਆਂ ਸ਼ਖਸੀਅਤਾਂ ਵਿੱਚ ਸ਼ੁਮਾਰ ਕੀਤਾ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਭਾਰਤੀ ਸੰਵਿਧਾਨ ਡਾ. ਅੰਬੇਡਕਰ ਦੀ ਮਿਹਨਤ, ਲਗਨ ਅਤੇ ਦੂਰਅੰਦੇਸ਼ੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਤਿਆਰ ਕਰਨ ਦੇ ਨਾਲ-ਨਾਲ ਡਾ. ਅੰਬੇਡਕਰ ਨੇ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਸਾਰੀ ਜਿੰਦਗੀ ਲੋਕਾਂ ਦੀ ਭਲਾਈ ਲਈ ਯਤਨਸ਼ੀਲ ਰਹੇ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਵਲੋਂ ਭਾਰਤੀ ਸੰਵਿਧਾਨ ਦੀ ਰਚਨਾ ਕਰਦਿਆਂ ਦੇਸ਼ ਦੇ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਸੁਪਨਿਆਂ ਵਾਲਾ ਸਮਾਜ ਸਿਰਜਣ ਲਈ ਸਾਨੂੰ ਸਭ ਨੂੰ ਹਮੇਸ਼ਾਂ ਹੀ ਗਰੀਬ ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਤੱਤਪਰ ਰਹਿਣਾ ਚਾਹੀਦਾ ਹੈ।
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਆਦਰਸ਼ ਸਮਾਜ ਦੀ ਸਿਰਜਣਾ ਲਈ ਬਾਬਾ ਸਾਹਿਬ ਦੇ ਜੀਵਨ ਤੇ ਫ਼ਲਸਫੇ ਨੂੰ ਜੀਵਨ ਵਿੱਚ ਅਪਣਾਉਂਦਿਆਂ ਲੋਕ ਭਲਾਈ ਦੇ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਈ ਜਾਵੇ।
ਇਸ ਮੌਕੇ ’ਤੇ ਕਰਮਚਾਰੀਆਂ ਵਲੋਂ ਵੀ ਭਾਰਤ ਰਤਨ ਡਾ.ਬੀ.ਆਰ.ਅੰਬੇਡਕਰ ਜੀ ਦੇ ਬੁੱਤ ’ਤੇ ਫੁੱਲ ਅਰਪਿਤ ਕਰਕੇ ਪ੍ਰਣ ਲਿਆ ਗਿਆ ਕਿ ਉਹਨਾਂ ਵਲੋਂ ਬਾਬਾ ਸਾਹਿਬ ਦੁਆਰਾ ਦਰਸਾਏ ਗਏ ਮਾਰਗ ’ਤੇ ਚੱਲਦਿਆਂ ਹਰ ਸਮੇਂ ਲੋਕ ਭਲਾਈ ਦੇ ਕਾਰਜਾਂ ਵਿੱਚ ਹੋਰ ਵੱਧ ਚੜ੍ਹਕੇ ਯੋਗਦਾਨ ਪਾਇਆ ਜਾਵੇਗਾ।
———

Leave a Reply

Your email address will not be published. Required fields are marked *