ਗੁਰਦਾਸਪੁਰ
ਚੇਅਰਮੈਨ ਰਮਨ ਬਹਿਲ ਨੇ ਸਿੱਖਿਆ ਕ੍ਰਾਂਤੀ ਤਹਿਤ ਸਕੂਲ ਆਫ਼ ਐਮੀਨੈਂਸ ਗੁਰਦਾਸਪੁਰ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ
ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਨਾਲ ਸਿੱਖਿਆ ਖੇਤਰ ਵਿੱਚ ਇੱਕ ਸੁਨਹਿਰੀ ਯੁੱਗ ਸ਼ੁਰੂਆਤ ਹੋਈ – ਰਮਨ ਬਹਿਲ
ਵਿਰੋਧੀ ਪਾਰਟੀਆਂ ਦੇ ਆਗੂ ਸਿੱਖਿਆ ਕ੍ਰਾਂਤੀ ਦਾ ਵਿਰੋਧ ਕਰਕੇ ਆਮ ਘਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਕਰ ਰਹੇ ਹਨ ਵਿਰੋਧ – ਬਹਿਲ
ਗੁਰਦਾਸਪੁਰ, 17 ਅਪ੍ਰੈਲ ( ਸੋਨੂੰ ) – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਰਾਹੀਂ ਜਿੱਥੇ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਵੱਡੇ ਸੁਧਾਰ ਲਿਆਂਦੇ ਗਏ ਹਨ ਓਥੇ ਇਸ ਨਾਲ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਵਿੱਚ ਵੀ ਵਾਧਾ ਹੋਇਆ ਹੈ। ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਨਾਲ ਸਿੱਖਿਆ ਖੇਤਰ ਵਿੱਚ ਇੱਕ ਸੁਨਹਿਰੀ ਯੁੱਗ ਸ਼ੁਰੂਆਤ ਹੋਈ ਹੈ।
ਇਹ ਪ੍ਰਗਟਾਵਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਸਕੂਲ ਆਫ਼ ਐਮੀਨੈਂਸ, ਗੁਰਦਾਸਪੁਰ ਵਿਖੇ ਸਿੱਖਿਆ ਕ੍ਰਾਂਤੀ ਤਹਿਤ ਨਵੇਂ ਬਣੇ ਸਮਾਰਟ ਕਲਾਸ ਰੂਮ ਅਤੇ ਮੈਨੇਜਮੈਂਟ ਲੈਬ ਦਾ ਉਦਘਾਟਨ ਕਰਨ ਮੌਕੇ ਹਾਜ਼ਰ ਵਿਦਿਆਰਥੀਆਂ ਦੇ ਮਾਪਿਆਂ ਅਤੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਜੇਸ਼ ਸ਼ਰਮਾ, ਪ੍ਰਿੰਸੀਪਲ ਅਨਿਲ ਭੱਲਾ, ਆਮ ਆਦਮੀ ਪਾਰਟੀ ਦੇ ਸਿੱਖਿਆ ਕੋਆਰਡੀਨੇਟਰ ਅਸ਼ਵਨੀ ਕੁਮਾਰ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਅਤੇ ਹੋਰ ਮੁਹਤਬਰ ਵੀ ਹਾਜ਼ਰ ਸਨ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸੂਬੇ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪਹਿਲੇ ਦਿਨ ਤੋਂ ਹੀ ਕਾਰਜਸ਼ੀਲ ਹੈ ਅਤੇ ਪਿਛਲੇ ਸਮੇਂ ਰਾਜ ਸਰਕਾਰ ਵੱਲੋਂ ਗੁਰਦਾਸਪੁਰ ਨੂੰ ਵੱਡਾ ਤੋਹਫ਼ਾ ਦਿੰਦਿਆਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, (ਲੜਕੇ) ਗੁਰਦਾਸਪੁਰ ਨੂੰ ਸਕੂਲ ਆਫ਼ ਐਮੀਨੈਂਸ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਮਾਨ ਸਰਕਾਰ ਵੱਲੋਂ ਇਸ ਸਕੂਲ ਵਿੱਚ 36 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਨਵੇਂ ਸਮਾਰਟ ਕਲਾਸ ਰੂਮ, ਮੈਨੇਜਮੈਂਟ ਲੈਬ, ਕੰਪਿਊਟਰ ਲੈਬ, ਲਾਇਬ੍ਰੇਰੀ ਬਣਾਈ ਗਈ ਹੈ। ਇਸ ਤੋਂ ਇਲਾਵਾ ਸਕੂਲ ਆਫ਼ ਐਮੀਨੈਂਸ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ, ਵਰਦੀਆਂ ਅਤੇ ਆਉਣ-ਜਾਣ ਲਈ ਟਰਾਂਸਪੋਰਟ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਸ੍ਰੀ ਬਹਿਲ ਨੇ ਕਿਹਾ ਕਿ ਇਸ ਸਕੂਲ ਵਿੱਚ ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਪੜ੍ਹਾਈ ਕਰਵਾਈ ਜਾ ਰਹੀ ਹੈ ਅਤੇ ਇਸ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਭਵਿੱਖ ਵਿੱਚ ਨੌਂਕਰੀਆਂ ਲੈਣ ਵਾਲੇ ਨਹੀਂ ਸਗੋਂ ਨੌਂਕਰੀਆਂ ਦੇਣ ਵਾਲੇ ਬਣਨਗੇ। ਉਨ੍ਹਾਂ ਕਿਹਾ ਕਿ ਸਕੂਲ ਆਫ਼ ਐਮੀਨੈਂਸ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਖੰਭ ਲਗਾਉਣ ਵਿੱਚ ਸਹਾਈ ਹੋ ਰਿਹਾ ਹੈ।
ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਉੱਪਰ ਨਿਸ਼ਾਨਾ ਸਾਧਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਸਿੱਖਿਆ ਕ੍ਰਾਂਤੀ ਦਾ ਵਿਰੋਧ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਪਾਰਟੀਆਂ ਪੰਜਾਬ ਦੇ ਆਮ ਘਰਾਂ ਦੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦਾ ਇਹ ਵਿਰੋਧ ਸਾਡੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝੇ ਰੱਖਣ ਦੇ ਕੋਝੇ ਯਤਨ ਹਨ, ਜੋ ਕਿ ਆਮ ਆਦਮੀ ਪਾਰਟੀ ਕਦੀ ਵੀ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਰਿਵਾਇਤੀ ਪਾਰਟੀਆਂ ਨੇ ਆਪਣੀਆਂ ਸਰਕਾਰਾਂ ਦੌਰਾਨ ਸਿੱਖਿਆ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਰੱਖਿਆ, ਜਿਸਦੇ ਸਿੱਟੇ ਇਹ ਨਿਕਲੇ ਕਿ ਸੂਬਾ ਪੰਜਾਬ ਪੜ੍ਹਾਈ ਵਿੱਚ ਬਹੁਤ ਪਛੜ ਗਿਆ। ਪਿਛਲੀਆਂ ਸਰਕਾਰਾਂ ਵੇਲੇ ਸਰਕਾਰੀ ਸਕੂਲਾਂ ਵਿੱਚ ਜਿੱਥੇ ਬੁਨਿਆਦੀ ਸਹੂਲਤਾਂ ਦੀ ਘਾਟ ਸੀ, ਓਥੇ ਸਕੂਲ ਅਧਿਆਪਕ ਤੋਂ ਸੱਖਣੇ ਸਨ।
ਸ੍ਰੀ ਰਮਨ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਸਿੱਖਿਆ ਅਤੇ ਸਿਹਤ ਦੋ ਪ੍ਰਮੁੱਖ ਖੇਤਰ ਹਨ ਜਿਨ੍ਹਾਂ ਉੱਪਰ ਸਰਕਾਰ ਵੱਲੋਂ ਪੂਰੀ ਸੁਹਿਰਦਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਮਾਨ ਸਰਕਾਰ ਨੇ ਸਿੱਖਿਆ ਕ੍ਰਾਂਤੀ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ ਅਤੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪੜ੍ਹਾਈ ਤੇ ਸਹੂਲਤਾਂ ਦੇ ਪੱਖ ਤੋਂ ਸਰਕਾਰੀ ਸਕੂਲ ਕਿਸੇ ਵੀ ਮਹਿੰਗੇ ਪ੍ਰਾਈਵੇਟ ਸਕੂਲ ਨਾਲੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਸਦਕਾ ਹੀ ਹੁਣ ਸੂਬੇ ਦੇ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਹਨ। ਸ੍ਰੀ ਬਹਿਲ ਨੇ ਸਿੱਖਿਆ ਕ੍ਰਾਂਤੀ ਦੀ ਸਫਲਤਾ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਪੜ੍ਹਾਈ ਅਤੇ ਖੇਡਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ।