ਇੱਕ ਸਿਹਤ, ਇੱਕ ਭਵਿੱਖ: ਤੰਦਰੁਸਤ ਭਵਿੱਖ ਲਈ ਆਯੁਰਵੇਦ
ਸ਼੍ਰੀ ਪ੍ਰਤਾਪਰਾਓ ਜਾਧਵ
ਦੁਨੀਆ ਹੁਣ ਤੰਦਰੁਸਤ ਹੋਣ ਦੇ ਮਾਇਨੇ ‘ਤੇ ਨਵੇਂ ਸਿਰ੍ਹੇ ਤੋਂ ਸੋਚ ਰਹੀ ਹੈ। ਅੱਜ ਸਿਹਤ ਸੰਭਾਲ ਦਾ ਮਤਲਬ ਸਿਰਫ ਬਿਮਾਰੀਆਂ ਦਾ
ਇਲਾਜ ਕਰਨਾ ਨਹੀਂ ਹੈ; ਸਗੋਂ ਇਸ ਦਾ ਮਕਸਦ ਬਿਮਾਰੀਆਂ ਨੂੰ ਰੋਕਣਾ, ਤੰਦਰੁਸਤੀ ਨੂੰ ਹੁਲਾਰਾ ਦੇਣਾ ਅਤੇ ਅਜਿਹੀ ਸਿਹਤ ਪ੍ਰਣਾਲੀ
ਦਾ ਨਿਰਮਾਣ ਕਰਨਾ ਹੈ, ਜੋ ਬਦਲਦੀ ਜੀਵਨਸ਼ੈਲੀ, ਵਾਤਾਵਰਣ ਦੇ ਦਬਾਅ ਅਤੇ ਨਵੀਂਆਂ ਸਿਹਤ ਚੁਣੌਤੀਆਂ ਦਾ ਸਾਹਮਣਾ ਕਰ
ਸਕਣ। ਇਸ ਬਦਲਦੇ ਦ੍ਰਿਸ਼ ਵਿੱਚ, ਆਯੁਰਵੇਦ ਭਵਿੱਖ ਲਈ ਇੱਕ ਅਹਿਮ ਨਜ਼ਰੀਏ ਦੀ ਪੇਸ਼ਕਸ਼ ਕਰਦਾ ਹੈ।
11ਵੇਂ ਆਯੁਰਵੇਦ ਦਿਵਸ ਦੀ ਥੀਮ, “ਤਦੰਰੁਸਤ ਭਵਿੱਖ ਲਈ ਆਯੁਰਵੇਦ” ਅਤੇ “ਇੱਕ ਸਿਹਤ, ਇੱਕ ਭਵਿੱਖ” ਦਾ ਵਿਜ਼ਨ ਇਸ ਵਿਚਾਰ ਨੂੰ ਬਹੁਤ
ਖੂਬਸੂਰਤੀ ਨਾਲ ਪੇਸ਼ ਕਰਦਾ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਮੁਨੱਖੀ ਸਿਹਤ ਦੀ ਕੋਈ ਵੱਖ ਹੋਂਦ ਨਹੀਂ ਹੁੰਦੀ। ਲੋਕਾਂ ਭਾਈਚਾਰਿਆਂ,
ਜਾਨਵਰਾਂ ਅਤੇ ਵਾਤਾਵਰਣ ਦੀ ਸਿਹਤ ਆਪਸ ਵਿੱਚ ਡੂੰਘਾਈ ਨਾਲ ਜੁੜੀ ਹੁੰਦੀ ਹੈ।
ਆਯੁਰਵੇਦ ਨੇ ਹਮੇਸ਼ਾ ਬਿਮਾਰੀ ਤੋਂ ਬਚਾਅ, ਸੰਤੁਲਿਤ ਜੀਵਨ, ਸਹੀਂ ਖਾਣ-ਪਾਣ, ਰੋਜ਼ਾਨਾ ਦੀ ਰੁਟੀਨ ਅਤੇ ਕੁਦਰਤ ਦੇ ਨਾਲ ਤਾਲਮੇਲ ਬਿਠਾਉਣ
‘ਤੇ ਬਹੁਤ ਜ਼ੋਰ ਦਿੱਤਾ ਹੈ। ਅਜਿਹੇ ਸਮੇਂ ਵਿੱਚ ਜਦੋਂ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ, ਮੈਟਾਬੋਲਿਕ ਵਿਕਾਰ, ਤਣਾਅ ਅਤੇ ਦੂਜੀ ਗੈਰ-ਛੂਤਕਾਰੀ
ਬਿਮਾਰੀਆਂ ਸਮਾਜ 'ਤੇ ਬੋਝ ਵਧਾ ਰਹੀਆਂ ਹਨ, ਇਹ ਸਿਧਾਂਤ ਹੋਰ ਵੀ ਵਧੇਰੇ ਢੁਕਵੇਂ ਹੋ ਗਏ ਹਨ।
ਪਰ ਆਯੁਰਵੇਦ ਨੂੰ ਅੱਗੇ ਲੈ ਜਾਣ ਦਾ ਮਤਲਬ ਸਿਰਫ ਪਿੱਛੇ ਮੁੜ ਕੇ ਦੇਖਣਾ ਨਹੀਂ ਹੋ ਸਕਦਾ। ਇਸ ਦੇ ਭਵਿੱਖ ਨੂੰ ਖੋਜ, ਸਬੂਤਾਂ, ਨਵੀਨਤਾ ਅਤੇ
ਗੁਣਵੱਤਾ ਰਾਹੀਂ ਆਕਾਰ ਦਿੱਤਾ ਜਾਣਾ ਚਾਹੀਦਾ ਹੈ। ਇਹ ਯਕੀਨੀ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ ਕਿ ਆਯੁਰਵੇਦ ਨਾਲ ਜੁੜੇ ਗਿਆਨ ਦਾ
ਅਧਿਐਨ ਆਧੁਨਿਕ ਵਿਗਿਆਨਕ ਤਰੀਕਿਆਂ ਨਾਲ ਹੋਵੇ ਅਤੇ ਉਸ ਨੂੰ ਅਜਿਹੇ ਸਮਾਧਾਨਾਂ ਵਿੱਚ ਬਦਲਿਆ ਜਾਵੇ, ਜੋ ਅੱਜ ਦੀ ਸਿਹਤ ਜ਼ਰੂਰਤਾਂ ਨੂੰ
ਪੂਰਾ ਕਰਦੇ ਹੋਣ।
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਨੇ ਇਸ ਯਾਤਰਾ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਹਨ।
2014 ਵਿੱਚ ਆਯੁਸ਼ ਮੰਤਰਾਲੇ ਦੀ ਸਥਾਪਨਾ; ਆਯੁਰਵੇਦ ਅਤੇ ਹੋਰ ਆਯੁਸ਼ ਪ੍ਰਣਾਲੀਆਂ ਨੂੰ ਇੱਕ ਮਜ਼ਬੂਤ ਸੰਸਥਾਗਤ ਅਧਾਰ ਦੇਣ ਦੀ ਦਿਸ਼ਾ ਵਿੱਚ
ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਤਦ ਤੋਂ, ਇਸ ਦਾ ਦਾਇਰਾ ਸੰਭਾਲ ਅਤੇ ਪ੍ਰਚਾਰ-ਪ੍ਰਸਾਰ ਤੋਂ ਵੱਧ ਕੇ ਖੋਜ, ਸਿੱਖਿਆ, ਸਿਹਤ ਸੰਭਾਲ ਸੁਵਿੱਧਾ,
ਗੁਣਵੱਤਾ ਭਰੋਸਾ, ਨਵੀਨਤਾ ਅਤੇ ਆਲਮੀ ਸਹਿਯੋਗ ਤੱਕ ਵਿਸਥਾਰ ਹੋਇਆ ਹੈ।
ਸਿਹਤ ਸੰਭਾਲ ਨੂੰ ਅਸਲ ਵਿੱਚ ਮਰੀਜ਼ ਦੀ ਜ਼ਰੂਰਤਾਂ ‘ਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ। ਜਿੱਥੇ ਇਲਾਜ ਢੁਕਵਾਂ ਅਤੇ ਸਬੂਤ-ਸਮਰਥਿਤ ਹੋਵੇ, ਉੱਥੇ ਵੱਖ-
ਵੱਖ ਸਿਹਤ ਪ੍ਰਣਾਲੀਆਂ ਇੱਕ-ਦੂਜੇ ਦੀਆਂ ਪੂਰਕ ਬਣ ਸਕਦੀਆਂ ਹਨ ਅਤੇ ਸਿਹਤ ਪ੍ਰਤੀ ਵਿਆਪਕ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਦੇ ਸਕਦੀਆਂ ਹਨ।
ਜਨਤਕ ਸਿਹਤ ਸੇਵਾ ਪ੍ਰਣਾਲੀ ਵਿੱਚ ਆਯੁਸ਼ ਸੇਵਾਵਾਂ ਦਾ ਏਕੀਕਰਣ ਅਤੇ ਆਯੁਸ਼ਮਾਨ ਆਰੋਗਯ ਮੰਦਿਰਾਂ ਦਾ ਵਿਸਥਾਰ, ਰੋਕਥਾਮ ਅਤੇ ਸਮੁੱਚੀ
ਸਿਹਤ ਸੇਵਾਵਾਂ ਨੂੰ ਜ਼ਿਆਦਾ ਪਹੁੰਚਯੋਗ ਬਣਾਉਣ ਦੇ ਸਾਡੇ ਸੰਕਲਪ ਨੂੰ ਪ੍ਰਤੀਬਿੰਬਤ ਕਰਦੇ ਹਨ।
ਭਾਰਤ ਆਯੁਰਵੇਦ ਨੂੰ ਦੁਨੀਆ ਤੱਕ ਵੀ ਪਹੁੰਚਾ ਰਿਹਾ ਹੈ। ਆਯੁਰਵੇਦ ਦਿਵਸ ਦੇ ਪਿਛਲੇ ਆਯੋਜਨਾਂ ਨੇ ਦਿਖਾਇਆ ਹੈ ਕਿ ਸਿਹਤ ਅਤੇ ਭਲਾਈ ਦੇ
ਪ੍ਰਤੀ ਭਾਰਤ ਦੇ ਨਜ਼ਰੀਏ ਨੂੰ ਦੁਨੀਆ ਭਰ ਵਿੱਚ ਕਿਵੇਂ ਸਮਰਥਨ ਮਿਲ ਸਕਦਾ ਹੈ। ਆਯੁਰਵੇਦ ਦਿਵਸ ਨੇ ਭਾਰਤ ਦੀ ਸਿਹਤ ਪਰੰਪਰਾਵਾਂ ਲਈ ਇੱਕ
ਆਲਮੀ ਮੌਕੇ ਦਾ ਨਿਰਮਾਣ ਕੀਤਾ ਹੈ ਅਤੇ ਆਯੁਰਵੇਦ ਤੇਜ਼ੀ ਨਾਲ ਭਲਾਈ, ਰੋਕਥਾਮ ਅਤੇ ਟਿਕਾਊ ਸਿਹਤ ਸੇਵਾਵਾਂ ‘ਤੇ ਹੋਣ ਵਾਲੀ ਅੰਤਰਰਾਸ਼ਟਰੀ
ਗੱਲਬਾਤ ਦਾ ਹਿੱਸਾ ਬਣ ਰਿਹਾ ਹੈ।
ਇਸ ਵਧਦੀ ਆਲਮੀ ਦਿਲਚਸਪੀ ਨਾਲ ਇੱਕ ਉਨ੍ਹੀ ਹੀ ਅਹਿਮ ਜ਼ਿੰਮੇਵਾਰੀ ਵੀ ਆਉਂਦੀ ਹੈ। ਆਯੁਰਵੇਦ ਨੂੰ ਭਰੋਸੇਯੋਗ ਖੋਜ, ਕਲੀਨਿਕਲ ਸਬੂਤਾਂ,
ਮਜ਼ਬੂਤ ਗੁਣਵੱਤਾ ਮਿਆਰਾਂ ਅਤੇ ਜ਼ਿੰਮੇਵਾਰ ਸੰਚਾਰ ਦਾ ਸਮਰਥਨ ਮਿਲਣਾ ਚਾਹੀਦਾ ਹੈ।
ਅੰਤਰਾਰਸ਼ਟਰੀ ਸਹਿਯੋਗ, ਆਯੁਸ਼ ਸਿੱਖਿਆ ਵਿਭਾਗ, ਕਲੀਨਿਕਲ ਖੋਜ ਅਤੇ ਰੈਗੂਲੇਟਰੀ ਤਾਲਮੇਲ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਯਤਨ ਭਾਰਤ ਤੋਂ
ਬਾਹਰ ਆਯੁਰਵੇਦ ਲਈ ਇੱਕ ਮਜ਼ਬੂਤ ਈਕੋਸਿਸਟਮ ਬਣਾਉਣ ਵਿੱਚ ਮਦਦ ਕਰ ਰਹੇ ਹਨ। ਸਾਡਾ ਉਦੇਸ਼ ਸਿਰਫ ਇਸ ਦੀ ਆਲਮੀ ਪਹੁੰਚ ਦਾ
ਵਿਸਥਾਰ ਕਰਨਾ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣਾ ਵੀ ਹੈ ਕਿ ਇਸ ਵਿਕਾਸ ਨਾਲ ਭਰੋਸਾ ਅਤੇ ਵਿਗਿਆਨਕ ਭਰੋਸੇਯੋਗਤਾ ਵੀ ਜੁੜੀ ਹੋਵੇ।
“ਇੱਕ ਸਿਹਤ, ਇੱਕ ਭਵਿੱਖ” ਦਾ ਵਿਜ਼ਨ ਸਾਨੂੰ ਹਸਪਤਾਲਾਂ ਅਤੇ ਦਵਾਈਆਂ ਤੋਂ ਅੱਗੇ ਲੈ ਜਾਂਦਾ ਹੈ। ਇੱਕ ਤੰਦਰੁਸਤ ਭਵਿੱਖ ਸਾਨੂੰ ਵਾਤਾਵਰਣ,
ਸਾਡੇ ਖਾਣ-ਪਾਣ ਅਤੇ ਉਨ੍ਹਾਂ ਕੁਦਰਤੀ ਸਰੋਤਾਂ ਦੀ ਸਿਹਤ ‘ਤੇ ਨਿਰਭਰ ਕਰਦਾ ਹੈ, ਜਿਨ੍ਹਾਂ ‘ਤੇ ਸਿਹਤ ਸੰਭਾਲ ਪ੍ਰਣਾਲੀਆਂ ਨਿਰਭਰ ਕਰਦੀਆਂ ਹਨ।
ਉਦਾਹਰਣ ਲਈ, ਔਸ਼ਧੀ ਵਾਲੇ ਪੌਦੇ ਸਿਹਤ ਸੰਭਾਲ ਨੂੰ ਖੇਤੀਬਾੜੀ, ਆਜੀਵਿਕਾ ਅਤੇ ਜੈਵ ਵਿਭਿੰਨਤਾ ਨਾਲ ਜੋੜਦੇ ਹਨ। ਉਨ੍ਹਾਂ ਦੀ ਸਥਾਈ ਖੇਤੀ
ਨਾਲ ਕਿਸਾਨਾਂ ਲਈ ਆਰਥਿਕ ਮੌਕੇ ਪੈਦਾ ਹੋ ਸਕਦੇ ਹਨ ਅਤੇ ਨਾਲ ਹੀ ਕੀਮਤੀ ਕੁਦਰਤੀ ਸਰੋਤਾਂ ਦੀ ਸੰਭਾਲ ਵਿੱਚ ਵੀ ਯੋਗਦਾਨ ਮਿਲ ਸਕਦਾ ਹੈ।
ਤਕਨਾਲੋਜੀ ਵੀ ਇੱਕ ਪਰਿਵਰਤਨਕਾਰੀ ਭੂਮਿਕਾ ਨਿਭਾ ਸਕਦੀ ਹੈ। ਅੱਜ ਭਾਰਤ ਕੋਲ ਆਪਣੇ ਵਿਆਪਕ ਆਯੁਰਵੈਦਿਕ ਗਿਆਨ ਨੂੰ ਆਧੁਨਿਕ ਖੋਜ
ਸਮਰਥਾਵਾਂ, ਡਿਜੀਟਲ ਤਕਨੀਕ, ਡੇਟਾ ਵਿਗਿਆਨ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਵਰਗੇ ਉਭਰਦੇ ਉਪਾਵਾਂ ਨਾਲ ਜੋੜਨ ਦਾ ਮੌਕਾ ਹੈ। ਇਹ
ਸੰਯੋਜਨ ਖੋਜਕਰਤਾਵਾਂ ਨੂੰ ਰਵਾਇਤੀ ਤਰੀਕਿਆਂ ਦਾ ਜ਼ਿਆਦਾ ਸਟੀਕਤਾ ਨਾਲ ਅਧਿਐਨ ਕਰਨ ਅਤੇ ਨਵੀਨਤਾ ਦੇ ਨਵੇਂ ਮੌਕਿਆਂ ਨੂੰ ਸਾਹਮਣੇ
ਲਿਆਉਣ ਵਿੱਚ ਮਦਦ ਕਰ ਸਕਦਾ ਹੈ।
ਫਿਰ ਵੀ, ਸਭ ਤੋਂ ਮਹੱਤਵਪੂਰਨ ਬਦਲਾਅ ਲੋਕਾਂ ਦੇ ਜੀਵਨ ਵਿੱਚ ਆਉਣਾ ਚਾਹੀਦਾ ਹੈ।
ਆਯੁਰਵੇਦ ਦਿਵਸ ਨੂੰ ਸਿਰਫ਼ ਸਾਲ ਵਿੱਚ ਇੱਕ ਵਾਰ ਮਨਾਇਆ ਜਾਣ ਵਾਲਾ ਆਯੋਜਨ ਬਣ ਕੇ ਨਹੀਂ ਰਹਿਣਾ ਚਾਹੀਦਾ ਹੈ। ਇਸ ਨੂੰ ਸਾਡੇ ਘਰਾਂ,
ਸਕੂਲਾਂ, ਕੰਮ ਵਾਲੇ ਸਥਾਨਾਂ ਅਤੇ ਭਾਈਚਾਰਿਆਂ ਵਿੱਚ ਤੰਦਰੁਸਤ ਜੀਵਨ ਸ਼ੈਲੀ ਅਧਾਰਿਤ ਇੱਕ ਵਿਆਪਕ ਅਭਿਆਨ ਨੂੰ ਹੁਲਾਰਾ ਦੇਣਾ ਚਾਹੀਦਾ ਹੈ।
ਅਸੀਂ ਕੀ ਖਾਉਂਦੇ ਹਾਂ, ਅਸੀਂ ਕਿੰਨ੍ਹੇ ਸਰਗਰਮ ਰਹਿੰਦੇ ਹਾਂ, ਅਸੀਂ ਤਣਾਅ ਦਾ ਪ੍ਰਬੰਧਨ ਕਿਵੇਂ ਕਰਦੇ ਹਾਂ ਅਤੇ ਅਸੀਂ ਆਪਣੇ ਵਾਤਾਵਰਣ ਨਾਲ ਕਿੰਨ੍ਹੀ
ਜ਼ਿੰਮੇਵਾਰੀ ਨਾਲ ਵਿਵਹਾਰ ਕਰਦੇ ਹਾਂ, ਇਹ ਸਾਰੇ ਸਾਡੇ ਸਮਾਜ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ।
ਇਸ ਯਾਤਰਾ ਵਿੱਚ ਨੌਜਵਾਨ ਪੀੜ੍ਹੀ ਦੀ ਭੂਮਿਕਾ ਬਹੁਤ ਅਹਿਮ ਹੈ। ਆਯੁਰਵੇਦ ਨੂੰ ਸਿਰਫ ਭਾਰਤ ਦੀ ਵਿਰਾਸਤ ਵਜੋਂ ਹੀ ਨਹੀਂ, ਸਗੋਂ ਖੋਜ,
ਨਵੀਨਤਾ, ਉੱਦਮਤਾ ਅਤੇ ਸਿਹਤ ਸੰਭਾਲ ਦੇ ਅਜਿਹੇ ਖੇਤਰ ਵਜੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ, ਜੋ ਭਵਿੱਖ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਵਿੱਚ
ਯੋਗਦਾਨ ਦੇ ਸਕਦਾ ਹੋਵੇ।
ਅੱਜ ਭਾਰਤ ਗਿਆਨ, ਵਿਗਿਆਨ ਅਤੇ ਤਕਨਾਲੋਜੀ ਦੇ ਇੱਕ ਅਨੋਖੇ ਸੰਗਮ ‘ਤੇ ਖੜ੍ਹਾ ਹੈ। ਸਾਡੇ ਕੋਲ ਇਨ੍ਹਾਂ ਤਾਕਤਾਂ ਨੂੰ ਇਕੱਠੇ ਲਿਆਉਣ ਦਾ ਮੌਕਾ
ਹੈ, ਤਾਂ ਜੋ ਸਿਹਤ ਸੰਭਾਲ ਦਾ ਅਜਿਹਾ ਤਰੀਕਾ ਵਿਕਸਿਤ ਕੀਤਾ ਜਾ ਸਕੇ, ਜੋ ਇਲਾਜ ਨਾਲ ਬਿਮਾਰੀ ਤੋਂ ਬਚਾਅ, ਬਿਮਾਰੀ ਦੇ ਪ੍ਰਬੰਧਨ ਨਾਲ
ਤਦੰਰੁਸਤੀ ਅਤੇ ਵਿਕਾਸ ਨਾਲ ਸਥਿਰਤਾ ਨੂੰ ਵੀ ਮਹੱਤਵ ਦਿੰਦਾ ਹੋਵੇ।
ਆਯੁਰਵੇਦ ਦਾ ਭਵਿੱਖ ਅੰਤ ਵਿੱਚ ਇਸ ਗੱਲ ਨਾਲ ਨਿਰਧਾਰਿਤ ਹੋਵੇਗਾ ਕਿ ਅਸੀਂ ਇਸ ‘ਤੇ ਕਿੰਨ੍ਹੀ ਚੰਗੀ ਤਰ੍ਹਾਂ ਖੋਜ ਕਰਦੇ ਹਾਂ, ਸਬੂਤਾਂ ਦੇ ਅਧਾਰ
‘ਤੇ ਇਸ ਨੂੰ ਕਿੰਨ੍ਹਾ ਮਜ਼ਬੂਤ ਬਣਾਉਂਦੇ ਹਾਂ, ਇਸ ਦੀ ਗੁਣਵੱਤਾ ਨੂੰ ਕਿਵੇਂ ਯਕੀਨੀ ਬਣਾਉਂਦੇ ਹਾਂ ਅਤੇ ਇਸ ਦੇ ਫਾਇਦੇ ਨੂੰ ਲੋਕਾਂ ਤੱਕ ਕਿਵੇਂ ਪਹੁੰਚਾਉਂਦੇ
ਹਾਂ।
ਇਸ ਲਈ, “ਤੰਦਰੁਸਤ ਭਵਿੱਖ ਲਈ ਆਯੁਰਵੇਦ” ਸਿਰਫ ਇੱਕ ਥੀਮ ਨਹੀਂ ਹੈ। ਇਹ ਸਿਹਤ ਦਾ ਸੱਭਿਆਚਾਰ ਬਣਾਉਣ ਦਾ ਇੱਕ ਸੱਦਾ ਹੈ- ਅਜਿਹਾ
ਸੱਭਿਆਚਾਰ, ਜੋ ਲੋਕਾਂ ਨੂੰ ਸਸ਼ਕਤ ਬਣਾਉਂਦਾ ਹੋਵੇ, ਭਾਈਚਾਰਿਆਂ ਨੂੰ ਮਜ਼ਬੂਤ ਕਰਦਾ ਹੋਵੇ ਅਤੇ ਉਸ ਵਾਤਾਵਰਣ ਦਾ ਸਨਮਾਨ ਕਰਦਾ ਹੋਵੇ, ਜਿਸ
ਨੂੰ ਅਸੀਂ ਸਾਰੇ ਸਾਂਝਾ ਕਰਦੇ ਹਾਂ।
ਜਦੋਂ ਅਸੀਂ 11ਵਾਂ ਆਯੁਰਵੇਦ ਦਿਵਸ ਮਨਾ ਰਹੇ ਹਾਂ, ਤਾਂ ਆਓ ਇੱਕ ਸਿਹਤ, ਇੱਕ ਭਵਿੱਖ ਦੇ ਵਿਜ਼ਨ ਨੂੰ ਅੱਗੇ ਵਧਾਈਏ ਅਤੇ ਇੱਕ ਤੰਦਰੁਸਤ
ਭਾਰਤ ਅਤੇ ਤਦੰਰੁਸਤ ਦੁਨੀਆ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰੀਏ।
ਇੱਕ ਸਿਹਤ, ਇੱਕ ਭਵਿੱਖ। ਸਾਰੀਆਂ ਲਈ ਤੰਦਰੁਸਤ ਭਵਿੱਖ।
……
(ਲੇਖਕ ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਹਨ)

