ਵਧੀਕ ਡਿਪਟੀ ਕਮਿਸ਼ਨਰ ਨਿਧੀ ਕੁਮੁਦ ਬੰਬਾਹ ਅਤੇ ਸਹਾਇਕ ਕਮਿਸ਼ਨਰ ਸੁਮਿਤ ਮੁਧ ਪਟਾਕਾ ਡੀਲਰਾਂ ਨਾਲ ਮੀਟਿੰਗ ਕਰਦੇ ਹੋਏ।

पंजाब

ਵਧੀਕ ਡਿਪਟੀ ਕਮਿਸ਼ਨਰ ਨੇ ਪਟਾਕਾ ਡੀਲਰਾਂ ਨਾਲ ਕੀਤੀ ਮੀਟਿੰਗ, ਖੁੱਲ੍ਹੇ ਥਾਵਾਂ ’ਤੇ ਪਟਾਕੇ ਵੇਚਣ ਦੀ ਤਾਕੀਦ
ਪਟਾਕੇ ਵੇਚਣ ਲਈ ਆਰਜ਼ੀ ਲਾਇਸੰਸ ਲੈਣ ਵਾਸਤੇ ਸੇਵਾ ਕੇਂਦਰਾਂ ਰਾਹੀਂ 7 ਅਕਤੂਬਰ ਤੋਂ 16 ਅਕਤੂਬਰ ਤੱਕ ਕੀਤਾ ਜਾ ਸਕੇਗਾ ਅਪਲਾਈ
ਹੁਸ਼ਿਆਰਪੁਰ, 29 ਸਤੰਬਰ : ਹਰਵਿੰਦਰ ਸਿੰਘ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿਉਹਾਰਾਂ ਖਾਸਕਰ ਦੀਵਾਲੀ ਦੇ ਮੱਦੇਨਜ਼ਰ ਪਟਾਕਿਆਂ ਦੀ ਵਿਕਰੀ ਸਬੰਧੀ ਜ਼ਿਲ੍ਹੇ ਦੇ ਡੀਲਰਾਂ ਨਾਲ ਲੋੜੀਂਦਾ ਵਿਚਾਰ-ਵਟਾਂਦਰਾ ਕਰਦਿਆਂ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਸ਼ੋਰ ਪ੍ਰਦੂਸ਼ਣ ਅਤੇ ਅਣਸੁਖਾਵੀਂ ਘਟਨਾ ਪੈਦਾ ਕਰਨ ਵਾਲੇ ਪਟਾਕਿਆਂ ਦੀ ਵਿਕਰੀ ਬਿਲਕੁਲ ਨਾ ਕੀਤੀ ਜਾਵੇ ਤਾਂ ਜੋ ਸਮੁੱਚੇ ਤਿਉਹਾਰ ਸੁਖਾਵੇਂ ਢੰਗ ਨਾਲ ਮਨਾਏ ਜਾ ਸਕਣ।
ਵਧੀਕ ਡਿਪਟੀ ਕਮਿਸ਼ਨਰ ਨਿਧੀ ਕੁਮੁਦ ਬੰਬਾਹ ਅਤੇ ਸਹਾਇਕ ਕਮਿਸ਼ਨਰ ਸੁਮਿਤ ਮੁਧ ਨੇ ਜ਼ਿਲ੍ਹੇ ਦੇ ਪਟਾਕਾ ਡੀਲਰਾਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਜਨਤਕ ਹਿੱਤਾਂ ਦੇ ਮੱਦੇਨਜ਼ਰ ਤੰਗ ਇਲਾਕਿਆਂ ਜਾਂ ਬਾਜ਼ਾਰਾਂ ਵਿਚ ਕਿਸੇ ਵੀ ਤਰ੍ਹਾਂ ਦੇ ਪਟਾਕੇ ਦੀ ਵਿਕਰੀ ਨਾ ਕੀਤੀ ਜਾਵੇ ਅਤੇ ਪਟਾਕੇ ਵੇਚਣ ਲਈ ਨਿਰਧਾਰਤ ਥਾਵਾਂ ਨੂੰ ਹੀ ਤਰਜ਼ੀਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪਟਾਕਿਆਂ ਦੀ ਵਿਕਰੀ ਲਈ ਤੰਗ ਗਲੀਆਂ, ਆਮ ਰਸਤਿਆਂ, ਜਨਤਕ ਥਾਵਾਂ, ਹਸਪਤਾਲਾਂ ਨੂੰ ਜਾਣ ਵਾਲਿਆਂ ਰਸਤਿਆਂ ਆਦਿ ਵਿਖੇ ਨਾ ਕੀਤੀ ਜਾਵੇ ਅਤੇ ਬਿਨਾਂ ਆਰਜ਼ੀ ਲਾਇਸੰਸ ਲਏ ਨਿਰਧਾਰਤ ਥਾਵਾਂ ਤੋਂ ਲਾਂਭੇ ਪਟਾਕੇ ਨਾ ਵੇਚੇ ਜਾਣ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ, ਗੜ੍ਹਸ਼ੰਕਰ, ਮੁਕੇਰੀਆਂ, ਦਸੂਹਾ ਅਤੇ ਟਾਂਡਾ ਸਬ-ਡਵੀਜ਼ਨ ਵਿਖੇ ਐਸ.ਡੀ.ਐਮਜ਼ ਵਲੋਂ ਪਟਾਕਿਆਂ ਦੀ ਵਿਕਰੀ ਲਈ ਖੁੱਲ੍ਹੀਆਂ ਥਾਵਾਂ ਨਿਸ਼ਚਿਤ ਕੀਤੀਆਂ ਜਾਣਗੀਆਂ ਜਿਥੇ ਸੁਰੱਖਿਆ ਨਾਲ ਸਬੰਧਤ ਇੰਤਜ਼ਾਮ ਅਤੇ ਸਿਹਤ ਵਿਭਾਗ ਵਲੋਂ ਐਮਰਜੈਂਸੀ ਸਿਹਤ ਸਹੂਲਤਾਂ ਦਾ ਵੀ ਢੁੱਕਵਾਂ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਸਮੂਹ ਕਾਰਜਸਾਧਕ ਅਫ਼ਸਰ ਯਕੀਨੀ ਬਣਾਉਣਗੇ ਕਿ ਤੰਗ ਗਲੀਆਂ ਜਾਂ ਬਾਜ਼ਾਰਾਂ ਵਿਚ ਪਟਾਕਿਆਂ ਦੀ ਵਿਕਰੀ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਵਪਾਰਕ ਸਥਾਨਾਂ, ਸੰਵੇਦਨਸ਼ੀਲ ਥਾਵਾਂ ਜਿਵੇਂ ਕਿ ਹਸਪਤਾਲ, ਸ਼ਾਪਿੰਗ ਕੰਪਲੈਕਸ, ਜ਼ਿਆਦਾ ਭੀੜ ਵਾਲੀਆਂ ਥਾਵਾਂ ਆਦਿ ਦੇ ਨੇੜੇ ਪਟਾਕਿਆਂ ਦੀ ਵਿਕਰੀ ਨਾ ਹੋਣ ਦਿੱਤੀ ਜਾਵੇ।
ਪਟਾਕਾ ਡੀਲਰਾਂ ਨਾਲ ਵਿਕਰੀ ਬਾਰੇ ਵਿਸਥਾਰਤ ਗੱਲਬਾਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਿਜਲੀ ਸਪਲਾਈ ਵਾਲੀਆਂ ਤਾਰਾਂ ਜਾਂ ਟਰਾਂਸਫਾਰਮਰਾਂ ਦੇ ਨਜ਼ਦੀਕ ਵੀ ਪਟਾਕੇ ਨਾ ਵੇਚੇ ਜਾਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾਂ ਪ੍ਰਸ਼ਾਸਨ ਵਲੋਂ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੰਸ ਲੈਣ ਦੀ ਪ੍ਰਕਿਰਿਆ ਦਾ ਖਾਕਾ ਤਿਆਰ ਕੀਤਾ ਗਿਆ ਹੈ ਜਿਸ ਤਹਿਤ ਸੇਵਾ ਕੇਂਦਰਾਂ ਰਾਹੀਂ 7 ਅਕਤੂਬਰ 2026 ਤੋਂ 16 ਅਕਤੂਬਰ 2026 ਸ਼ਾਮ 5 ਵਜੇ ਤੱਕ ਆਰਜ਼ੀ ਲਾਇਸੰਸ ਲਈ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਰਜ਼ੀਆਂ ਦੀ ਪੜਤਾਲ 21 ਅਕਤੂਬਰ ਨੂੰ ਸ਼ਾਮ 3 ਵਜੇ ਤੱਕ ਹੋਵੇਗੀ ਅਤੇ ਅਰਜ਼ੀਆਂ ਦੀ ਡਰਾਅ 27 ਅਕਤੂਬਰ ਨੂੰ ਸਵੇਰੇ 11:30 ਵਜੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੀਟਿੰਗ ਵਿਚ ਕੱਢਿਆ ਜਾਵੇਗਾ। ਪਟਾਕੇ ਵੇਚਣ ਲਈ ਆਰਜੀ ਲਾਇਸੰਸ ਦਾ ਸਮਾਂ 30 ਅਕਤੂਬਰ 2026 ਤੋਂ 8 ਨਵੰਬਰ 2026 ਤੱਕ ਸਵੇਰੇ 10 ਵਜੇ ਤੋਂ ਸ਼ਾਮ ਸਾਢੇ 7 ਵਜੇ ਤੱਕ ਰਹੇਗਾ। ਪਟਾਕਾ ਡੀਲਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਨਿਯਮਾਂ ਦੀ ਇਨਬਿਲ ਪਾਲਣਾ ਯਕੀਨੀ ਬਣਾਈ ਜਾਵੇਗੀ।

Leave a Reply

Your email address will not be published. Required fields are marked *