*ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਪੇਂਡੂ ਵਿਕਾਸ ਫੰਡ ਜਾਰੀ ਕੀਤਾ ਜਾਵੇ – ਸੰਤ ਸੀਚੇਵਾਲ*
*ਲੋਹੀਆ ਫਲਾਈਓਵਰ ਦੇ ਠੱਪ ਪਏ ਕੰਮ ਨੂੰ ਮੁੜ ਸ਼ੁਰੂ ਕਰਨ ਲਈ ਦਿੱਤਾ ਮੰਗ ਪੱਤਰ*
*ਸੁਲਤਾਨਪੁਰ ਲੋਧੀ, 13 ਸਤੰਬਰ:* (ਮਨਦੀਪ ਕੌਰ)
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਸੜਕ ਆਵਾਜਾਈ ਅਤੇ ਹਾਈਵੇਅ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਪੇਂਡੂ ਵਿਕਾਸ ਫੰਡ ਤੁਰੰਤ ਜਾਰੀ ਕੀਤਾ ਜਾਵੇ।
ਸੁਲਤਾਨਪੁਰ ਲੋਧੀ ਸਥਿਤ ਨਿਰਮਲ ਕੁਟੀਆ ਵਿਖੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦਾ ਲਗਭਗ ਅੱਧਾ ਹਿੱਸਾ ਹੜ੍ਹਾਂ ਕਾਰਨ ਬਹੁਤ ਭਾਰੀ ਤਬਾਹੀ ਦਾ ਸ਼ਿਕਾਰ ਹੋਇਆ ਹੈ। ਦਰਿਆਵਾਂ ਵਿੱਚ ਆਏ ਭਿਆਨਕ ਹੜ੍ਹਾਂ ਨੇ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਹੈ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਸਤਾ ਸਹੂਲਤਾਂ, ਸਕੂਲ, ਪ੍ਰਾਇਮਰੀ ਹੈਲਥ ਸੈਂਟਰ ਅਤੇ ਕਮਿਊਨਟੀ ਹਾਲ ਆਦਿ ਢਹਿ ਗਏ ਹਨ ਜਾਂ ਗੰਭੀਰ ਤੌਰ ‘ਤੇ ਨੁਕਸਾਨੇ ਹੋਏ ਹਨ।
ਸੰਤ ਸੀਚੇਵਾਲ ਨੇ ਮੰਗ ਕੀਤੀ ਕਿ ਕੁਦਰਤੀ ਆਫ਼ਤ ਰਾਹਤ ਫੰਡ ਤੋਂ ਇਲਾਵਾ ਪੰਜਾਬ ਦੇ ਹਿੱਸੇ ਵਾਲਾ ਪੇਂਡੂ ਵਿਕਾਸ ਫੰਡ ਵੀ ਤੁਰੰਤ ਜਾਰੀ ਕਰਕੇ ਪਿੰਡਾਂ ਦੀਆਂ ਟੁੱਟੀਆਂ ਸੜਕਾਂ ਅਤੇ ਸਕੂਲਾਂ ਦੀ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ।
ਉਨ੍ਹਾਂ ਕਿਹਾ ਕਿ ਖੇਤੀਬਾੜੀ, ਜੋ ਕਿ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ, ਹੜ੍ਹਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ, ਜਿਸ ਨਾਲ ਖੇਤ ਮਜ਼ਦੂਰਾਂ ਨੂੰ ਵੀ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਭਾਰੀ ਮੀਂਹ ਕਾਰਨ ਗਰੀਬਾਂ ਦੇ ਕਈ ਘਰ ਢਹਿ ਗਏ ਹਨ ਜਾਂ ਗੰਭੀਰ ਤੌਰ ‘ਤੇ ਨੁਕਸਾਨੀ ਹੋਏ ਹਨ। ਉਨ੍ਹਾਂ ਸਾਰਿਆਂ ਨੂੰ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ ਹੈ।
*ਬਾਕਸ ਆਈਟਮ: ਮਨਰੇਗਾ ਮਜ਼ਦੂਰਾਂ ਨੂੰ ਮਿਲੇ 250 ਦਿਨਾਂ ਦਾ ਕੰਮ*
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਇਹ ਯਕੀਨੀ ਬਣਾਵੇ ਕਿ ਮਨਰੇਗਾ ਮਜ਼ਦੂਰਾਂ ਨੂੰ ਘੱਟੋ-ਘੱਟ 250 ਦਿਨਾਂ ਦਾ ਰੋਜ਼ਗਾਰ ਮਿਲੇ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ ਮਜ਼ਦੂਰ ਵਰਗ ਵੀ ਵੱਡੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੌਜੂਦਾ 100 ਦਿਨਾਂ ਦੀ ਰੋਜ਼ਗਾਰ ਗਾਰੰਟੀ ਨੂੰ ਵਧਾ ਕੇ ਘੱਟੋ-ਘੱਟ 250 ਦਿਨ ਕੀਤਾ ਜਾਵੇ ਤਾਂ ਜੋ ਇਹ ਵਰਗ ਆਪਣੇ ਪਰਿਵਾਰ ਦੀ ਜੀਵਨ-ਜਰੂਰਤਾਂ ਪੂਰੀ ਕਰ ਸਕੇ।
*ਬਾਕਸ ਆਈਟਮ: ਲੋਹੀਆ ਫਲਾਈਓਵਰ ਦਾ ਕੰਮ ਜਲਦ ਸ਼ੁਰੂ ਹੋਵੇ – ਸੰਤ ਸੀਚੇਵਾਲ*
ਸੰਤ ਸੀਚੇਵਾਲ ਨੇ ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ ਨੂੰ ਲੋਹੀਆਂ ਵਿਖੇ ਰੁਕੇ ਹੋਏ ਫਲਾਈਓਵਰ ਦੀ ਨਿਰਮਾਣ ਕਾਰਵਾਈ ਮੁੜ ਸ਼ੁਰੂ ਕਰਵਾਉਣ ਲਈ ਮੰਗ ਪੱਤਰ ਸੌਂਪਿਆ।
ਜਿਕਰਯੋਗ ਹੈ ਕਿ ਰੇਲਵੇ ਲਾਂਘੇ ਉੱਤੇ ਬਣ ਰਿਹਾ ਇਹ ਫਲਾਈਓਵਰ ਪਿਛਲੇ 9 ਮਹੀਨੇ ਤੋਂ ਠੱਪ ਪਿਆ ਹੋਇਆ ਹੈ। ਸੰਤ ਸੀਚੇਵਾਲ ਵੱਲੋਂ ਇਸ ਪੁਲ ਦੇ ਕੁਝ ਹਿੱਸਿਆਂ ਵਿੱਚ ਵਾਧੇ ਦੀ ਸਿਫਾਰਿਸ਼ ਕੀਤੀ ਗਈ ਸੀ, ਜਿਸ ਕਰਕੇ ਨੈਸ਼ਨਲ ਹਾਈਵੇਅ ਅਥਾਰਟੀ ਨੇ ਇਸ ਪ੍ਰੋਜੈਕਟ ਦੀ ਵਧੀ ਹੋਈ ਲਾਗਤ ਨੂੰ ਮੁੜ ਮਨਜ਼ੂਰੀ ਲਈ ਭੇਜਿਆ ਹੋਇਆ ਹੈ।
ਕੇਂਦਰੀ ਮੰਤਰੀ ਨੇ ਮੰਗ ਪੱਤਰ ਨਾਲ ਸਹਿਮਤ ਹੋਕੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਇਸ ਫਲਾਈਓਵਰ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ, ਤਾਂ ਜੋ ਸਥਾਨਕ ਦੁਕਾਨਦਾਰਾਂ ਅਤੇ ਆਮ ਲੋਕਾਂ ਦੇ ਆਵਾਜਾਈ ਅਤੇ ਵਪਾਰ ‘ਤੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ।