ਚੇਤਨ ਦੀ ਰਿਪੋਰਟ ਜਲੰਧਰ (26-06-2026) 28 ਜੂਨ ਤੋਂ ਸ਼ੁਰੂ ਹੋ ਰਹੀ ਕੌਮੀ ਪੱਲਸ ਪੋਲੀਓ ਮੁਹਿੰਮ ਸਬੰਧੀ ਜਨ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਿਵਲ ਸਰਜਨ ਡਾ. ਰਾਜੇਸ਼ ਗਰਗ ਵਲੋਂ ਦਫਤਰ ਸਿਵਲ ਸਰਜਨ ਜਲੰਧਰ ਤੋਂ ਸ਼ੁੱਕਰਵਾਰ ਨੂੰ ਰਿਕਸ਼ਾ ਮਾਈਕਿੰਗ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਸਿਮਰਨਜੀਤ ਕੌਰ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਨਿੰਦਰ ਰਿਆੜ, ਏਐਮਓ ਡਾ. ਦੇਵ, ਏਐਮਓ ਡਾ. ਮੋਨੀਕਾ, ਡਿਪਟੀ ਐਮਈਆਈਓ ਅਸੀਮ ਸ਼ਰਮਾ, ਡਿਪਟੀ ਐਮਈਆਈਓ ਗੁਰਜੀਤ ਕੌਰ ਅਤੇ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਹਾਜਰ ਸਨ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਦੱਸਿਆ ਗਿਆ ਕਿ ਕੌਮੀ ਪਲਸ ਪੋਲਿਓ ਮੁਹਿੰਮ 28 ਜੂਨ ਤੋਂ 30 ਜੂਨ 2026 ਤੱਕ ਚੱਲੇਗੀ। ਜਿਸ ਤਹਿਤ ਸਲੱਮ ਏਰੀਆ, ਭੱਠੇ, ਉਸਾਰੀ ਅਧੀਨ ਇਮਾਰਤਾਂ, ਵਿਹੜੇ ਅਤੇ ਹੋਰ ਮਾਈਗ੍ਰੇਟਰੀ ਸਾਈਟਾਂ ਉੱਤੇ 0 ਤੋਂ 5 ਸਾਲ ਤੱਕ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਪੋਲੀਓ ਰੋਧਕ ਬੁੰਦਾਂ ਪਿਲਾਈਆਂ ਜਾਣਗੀਆਂ। ਇਸ ਮੁਹਿੰਮ ਵਿੱਚ ਕੰਮ ਕਰ ਰਹੀਆਂ ਸਾਰੀਆਂ ਸਿਹਤ ਟੀਮਾਂ ਨੂੰ ਸਿਵਲ ਸਰਜਨ ਵਲੋਂ ਹਦਾਇਤ ਕੀਤੀ ਗਈ ਕਿ ਮੁਹਿੰਮ ਦੌਰਾਨ ਕੋਈ ਵੀ ਬੱਚਾ ਪੋਲੀਓ ਦੀ ਖੁਰਾਕ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।
ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੁਹਿੰਮ ਦੀ ਸਫਲਤਾ ਲਈ ਜਿਲ੍ਹੇ ਵਿੱਚ ਕੁੱਲ 2203 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 2107 ਹਾਊਸ-ਟੂ- ਹਾਊਸ ਟੀਮਾਂ, 66 ਮੌਬਾਈਲ ਟੀਮਾਂ ਅਤੇ 30 ਟ੍ਰਾਂਜਿਟ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇਨ੍ਹਾਂ ਟੀਮਾਂ ਵੱਲੋਂ ਜਿਲ੍ਹੇ ਭਰ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰ ਦੇ 5,41,258 ਘਰਾਂ ਨੂੰ ਕਵਰ ਕਰਦੇ ਹੋਏ 0 ਤੋਂ 5 ਸਾਲ ਤੱਕ ਦੀ ਉਮਰ ਦੇ 1,96,657 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਦੌਰਾਨ ਪੋਲੀਓ ਟੀਮਾਂ ਵੱਲੋਂ ਜਿਲ੍ਹੇ ਵਿੱਚ ਸ਼ਹਿਰੀ ਅਤੇ ਪੇਂਡੂ ਖੇਤਰ ਦੇ 715 ਹਾਈ ਰਿਸਕ ਖੇਤਰ ਵੀ ਕਵਰ ਕੀਤੇ ਜਾਣਗੇ। ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਿਹਤ ਵਿਭਾਗ ਵੱਲੋਂ ਜਿਲ੍ਹੇ ਭਰ ਵਿੱਚ 267 ਸੁਪਰਵਾਈਜ਼ਰ ਵੀ ਤੈਨਾਤ ਕੀਤੇ ਗਏ ਹਨ। ਸਿਵਲ ਸਰਜਨ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਦੇ ਹੋਏ ਆਪਣੇ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਉਨ੍ਹਾਂ ਨੂੰ ਪੋਲੀਓ ਤੋਂ ਸੁਰੱਖਿਅਤ ਕਰੋ।

