ਪੰਜਾਬ ਸਰਕਾਰ ਗੁਰੂ ਰਵਿਦਾਸ ਜੀ ਦੀਆਂ ਸਿਖਿਆਵਾਂ ਦਾ ਸੰਦੇਸ਼ ਸੂਬੇ ਦੇ ਹਰ ਕੋਨੇ ’ਚ ਪਹੁੰਚਾਏਗੀ : ਡਾ. ਰਵਜੋਤ ਸਿੰਘ

पंजाब

ਮਨਦੀਪ ਕੌਰ

ਹੁਸ਼ਿਆਰਪੁਰ, 7 ਜੁਲਾਈ : ਪੰਜਾਬ ਦੇ ਜੇਲ੍ਹਾਂ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਇਥੇ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਬਾਇਲ ਵੈਨ ਨੂੰ ਝੰਡੀ ਦੇ ਕੇ ਰਵਾਨਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਵੱਧ ਤੋਂ ਵੱਧ ਪਾਸਾਰ ਲਈ ਸਮਾਗਮਾਂ ਦੀ ਲੜੀ ਵਾਸਤੇ 100 ਕਰੋੜ ਰੁਪਏ ਰਾਂਖਵੇਂ ਰੱਖੇ ਗਏ ਹਨ ਤਾਂ ਜੋ ਗੁਰੂ ਜੀ ਦੇ ਜੀਵਨ ਅਤੇ ਸਿਖਿਆਵਾਂ ਦੇ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ।

ਡਾਕੂਮੈਂਟਰੀ ਵੈਨ ਨੂੰ ਹਲਕਾ ਸ਼ਾਮਚੁਰਾਸੀ ਦੇ ਸ਼ੁਰੂਆਤੀ ਪਿੰਡਾਂ ਨੰਦਾਚੌਰ ਅਤੇ ਕੁੰਟ ਲਈ ਰਵਾਨਾ ਕਰਨ ਸਮੇਂ ਜੇਲ੍ਹਾਂ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਇਨ੍ਹਾਂ ਵੈਨਾਂ ਰਾਹੀਂ ਗੁਰੂ ਜੀ ਦੇ ਬਰਾਬਰੀ, ਸਮਾਜਿਕ, ਨਿਆਂ ਅਤੇ ਸਾਂਝੀਵਾਲਤਾ ਦੇ ਸਦੀਵੀ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਐਲ.ਈ.ਡੀ. ਵੈਨਾਂ ਪੰਜਾਬ ਦੇ ਲਗਭਗ ਸਾਰੇ 13 ਹਜ਼ਾਰ ਪਿੰਡਾਂ ਵਿਚ ਗੁਰੂ ਜੀ ਦੇ ਜੀਵਨ, ਫਲਸਫੇ ਅਤੇ ਸਿਖਿਆਵਾਂ ’ਤੇ ਆਧਾਰਤ 30 ਮਿੰਟ ਦੀ ਡਾਕੂਮੈਂਟਰੀ ਦਿਖਾਉਣਗੀਆਂ ਜਿਸ ਦਾ ਉਦੇਸ਼ ਹਰੇਕ ਵਿਅਕਤੀ ਖਾਸ ਕਰ ਨੌਜਵਾਨਾਂ ਨੂੰ ਗੁਰੂ ਜੀ ਦੇ ਜੀਵਨ ਅਤੇ ਸਿਖਿਆਵਾਂ ਬਾਰੇ ਜਾਣੂ ਕਰਵਾਉਣਾ ਹੈ।

ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਇਹ ਵੈਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਰਾ ਸਾਲ ਚੱਲਣ ਵਾਲੇ ਸਮਾਗਮਾਂ ਦਾ ਹਿੱਸਾ ਹੈ ਤਾਂ ਜੋ ਗੁਰੂ ਜੀ ਦੇ ਸੰਦੇਸ਼ ਨੂੰ ਵਿਸ਼ਵ ਭਰ ਵਿਚ ਫੈਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਗੁਰੂ ਜੀ ਵਲੋਂ ਸਾਢੇ ਛੇ ਸੌ ਸਾਲ ਪਹਿਲਾਂ ਦਿੱਤੀਆਂ ਸਿਖਿਆਵਾਂ ਅੱਜ ਦੇ ਯੁੱਗ ਵਿਚ ਵੀ ਪੂਰੀ ਪ੍ਰਸੰਗਿਕਤਾ ਰੱਖਦੀਆਂ ਹੋਈਆਂ ਸਮੁੱਚੀ ਮਾਨਵਤਾ ਨੂੰ ਮਜ਼ਬੂਤ ਭਾਈਚਾਰਕ ਏਕਤਾ ਦਾ ਸੰਦੇਸ਼ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੜੀਵਾਰ ਧਾਰਮਿਕ ਸਮਾਗਮਾਂ ਦਾ ਮਕਸਦ ਗੁਰੂ ਜੀ ਦੀਆਂ ਸਿਖਿਆਵਾਂ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਨਾ ਹੈ ਤਾਂ ਜੋ ਉਹ ਸਦਭਾਵਨਾ ਨਾਲ ਲਵਰੇਸ ਸਮਾਜ ਦੀ ਸਿਰਜਨਾ ਵਿਚ ਮਹੱਤਵਪੂਰਨ ਯੋਗਦਾਨ ਪਾ ਸਕਣ। ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ੀ ਗੁਰੂ ਜੀ ਦੇ ਜੀਵਨ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਸਾਰਾ ਜੀਵਨ ਜਾਤ-ਪਾਤ ਦੇ ਭੇਦਭਾਵ ਅਤੇ ਸਮਾਜਿਕ ਅਸਮਾਨਤਾ ਵਰਗੀਆਂ ਕੁਰੀਤੀਆਂ ਨੂੰ ਖਤਮ ਕਰਨ ਲਈ ਸਮਰਪਿਤ ਕਰ ਦਿੱਤਾ।

ਕੈਬਨਿਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਵਿਚ ਪੂਰੇ ਸਤਿਕਾਰ ਸਹਿਤ ਡਾਕੂਮੈਂਟਰੀ ਨੂੰ ਲਾਜ਼ਮੀ ਦੇਖਣ ਤਾਂ ਜੋ ਗੁਰੂ ਜੀ ਦੀਆਂ ਸਿਖਿਆਵਾਂ ਬਾਰੇ ਵੱਧ ਤੋਂ ਵੱਧ ਲੋਕ ਜਾਣੂ ਹੋ ਸਕਣ। ਇਸ ਮੌਕੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ, ਮੇਅਰ ਸੁਰਿੰਦਰ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ ਆਦਿ ਮੌਜੂਦ ਸਨ।

Leave a Reply

Your email address will not be published. Required fields are marked *