ਪੀ. ਏ. ਯੂ.-ਕੇ.ਵੀ.ਕੇ. ਫ਼ਿਰੋਜ਼ਪੁਰ ਵਿਖੇ ਸਾਬਣ ਅਤੇ ਸਫ਼ਾਈ ਪਦਾਰਥ ਬਣਾਉਣ ਸਬੰਧੀ ਕਿੱਤਾ ਮੁੱਖੀ ਸਿਖਲਾਈ ਕੈਂਪ ਆਯੋਜਿਤ

पंजाब

ਫਿਰੋਜ਼ਪੁਰ,ਅਗਸਤ :(ਜਸਪਾਲ)
ਨੌਜਵਾਨਾਂ ਅਤੇ ਪੇਂਡੂ ਮਹਿਲਾਵਾਂ ਨੂੰ ਸਵੈ-ਰੁਜ਼ਗਾਰ ਅਤੇ ਉੱਦਮਸ਼ੀਲਤਾ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਪੀ.ਏ.ਯੂ.-ਕ੍ਰਿਸ਼ੀ ਵਿਗਆਨ ਕੇਂਦਰ, ਫ਼ਿਰੋਜ਼ਪੁਰ ਵਿਖੇ ਸਾਬਣ ਅਤੇ ਸਫ਼ਾਈ ਪਦਾਰਥ ਬਣਾਉਣ ਸੰਬੰਧੀ ਪੰਜ ਰੋਜ਼ਾ ਕਿੱਤਾ ਮੁਖੀ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਇਹ ਸਿਖਲਾਈ ਕੈਂਪ ਡਾ. ਗੁਰਮੇਲ ਸਿੰਘ ਸੰਧੂ (ਡਿਪਟੀ ਡਾਇਰੈਕਟਰ, ਕੇ.ਵੀ.ਕੇ., ਫ਼ਿਰੋਜ਼ਪੁਰ) ਦੀ ਅਗਵਾਈ ਵਿੱਚ ਕਰਵਾਇਆ ਗਿਆ।

ਇਸ ਮੌਕੇ ਡਾ. ਸੰਧੂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਛੋਟੇ ਪੱਧਰ ਦੇ ਘਰੇਲੂ ਉਦਯੋਗ ਨੌਜਵਾਨਾਂ ਅਤੇ ਪੇਂਡੂ ਮਹਿਲਾਵਾਂ ਲਈ ਆਮਦਨ ਦਾ ਇੱਕ ਵਧੀਆ ਸਰੋਤ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਬਣ ਅਤੇ ਸਫ਼ਾਈ ਪਦਾਰਥਾਂ ਦੀ ਮੰਗ ਹਰ ਘਰ ਵਿੱਚ ਨਿਰੰਤਰ ਰਹਿੰਦੀ ਹੈ, ਜਿਸ ਕਾਰਨ ਇਨ੍ਹਾਂ ਦਾ ਨਿਰਮਾਣ ਘੱਟ ਪੂੰਜੀ ਨਾਲ ਸ਼ੁਰੂ ਕਰਕੇ ਚੰਗੀ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਸਿੱਖਿਆਰਥੀਆਂ ਨੂੰ ਗੁਣਵੱਤਾ ਵਾਲੇ ਉਤਪਾਦ ਤਿਆਰ ਕਰਕੇ ਸਵੈ-ਰੁਜ਼ਗਾਰ ਅਪਣਾਉਣ ਅਤੇ ਆਤਮਨਿਰਭਰ ਬਣਨ ਲਈ ਪ੍ਰੇਰਿਤ ਕੀਤਾ।

ਡਾ. ਦਿਵਿਆ ਜੈਨ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਨੇ ਸਿੱਖਿਆਰਥੀਆਂ ਨੂੰ ਹਰਬਲ ਸਾਬਣ, ਦੇਸੀ ਸਾਬਣ, ਹੈਂਡਵਾਸ਼, ਡਿਸ਼ਵਾਸ਼ ਲਿਕਵਿਡ, ਕੱਪੜੇ ਧੋਣ ਵਾਲਾ ਲਿਕਵਿਡ ਡਿਟਰਜੈਂਟ, ਫਿਨਾਇਲ ਅਤੇ ਹੋਰ ਘਰੇਲੂ ਸਫ਼ਾਈ ਪਦਾਰਥਾਂ ਦੇ ਨਿਰਮਾਣ ਦੀ ਪ੍ਰੈਕਟਿਕਲ ਸਿਖਲਾਈ ਦਿੱਤੀ। ਉਨ੍ਹਾਂ ਨੇ ਕੱਚੇ ਮਾਲ ਦੀ ਚੋਣ, ਉਤਪਾਦਾਂ ਦੀ ਗੁਣਵੱਤਾ, ਪੈਕਿੰਗ, ਲੇਬਲ, ਕੀਮਤ ਨਿਰਧਾਰਨ ਅਤੇ ਮਾਰਕੀਟਿੰਗ ਸੰਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਸ੍ਰੀ ਸਾਵਨਦੀਪ ਸ਼ਰਮਾ, ਪ੍ਰੋਜੈਕਟ ਡਾਇਰੈਕਟਰ, ਆਤਮਾ, ਫ਼ਿਰੋਜ਼ਪੁਰ ਨੇ ਲੈਕਚਰ ਦੌਰਾਨ ਸਿੱਖਿਆਰਥੀਆਂ ਨੂੰ ਕੰਪਨੀ ਰਜਿਸਟ੍ਰੇਸ਼ਨ, ਟ੍ਰੇਡਮਾਰਕ, ਬ੍ਰਾਂਡ ਰਜਿਸਟ੍ਰੇਸ਼ਨ, ਲਾਇਸੈਂਸਿੰਗ ਅਤੇ ਹੋਰ ਕਾਨੂੰਨੀ ਪ੍ਰਕਿਰਆਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਉਤਪਾਦਾਂ ਦੀ ਬ੍ਰਾਂਡਿੰਗ ਅਤੇ ਪ੍ਰਭਾਵਸ਼ਾਲੀ ਮਾਰਕੀਟਿੰਗ ਰਾਹੀਂ ਸਫਲ ਉਦਯੋਗ ਸਥਾਪਿਤ ਕਰਨ ਲਈ ਵੀ ਪ੍ਰੇਰਿਤ ਕੀਤਾ।

ਸਿਖਲਾਈ ਦੌਰਾਨ ਡਾ. ਹਰਪ੍ਰੀਤ ਸਿੰਘ (ਪ੍ਰੀਤ ਆਰੋਗਿਆ ਬ੍ਰਾਂਡ) ਅਤੇ ਸ਼੍ਰੀ ਮੁਹੰਮਦ ਦਿਲਸ਼ਾਦ (ਸੁਲਤਾਨ ਬੀ ਫਾਰਮ ਬ੍ਰਾਂਡ), ਨੇ ਵਿਸ਼ੇਸ਼ ਮਾਹਿਰਾਂ ਵਜੋਂ ਭਾਗ ਲੈਂਦਿਆਂ ਆਯੁਰਵੇਦਿਕ ਤਰੀਕਿਆਂ ਨਾਲ ਹਰਬਲ ਅਤੇ ਹੈਂਡਮੇਡ ਸਾਬਣਾਂ ਦੇ ਨਿਰਮਾਣ, ਕੁਦਰਤੀ ਸਮੱਗਰੀ ਦੀ ਵਰਤੋਂ, ਉਤਪਾਦਾਂ ਦੀ ਗੁਣਵੱਤਾ, ਪੈਕਿੰਗ, ਬ੍ਰਾਂਡਿੰਗ ਅਤੇ ਮਾਰਕੀਟਿੰਗ ਸੰਬੰਧੀ ਆਪਣੇ ਵਿਹਾਰਕ ਤਜਰਬੇ ਅਤੇ ਮਹੱਤਵਪੂਰਨ ਜਾਣਕਾਰੀ ਸਿੱਖਿਆਰਥੀਆਂ ਨਾਲ ਸਾਂਝੀ ਕੀਤੀ। ਸਿਖਲਾਈ ਦੇ ਅੰਤ ਵਿੱਚ ਭਾਗੀਦਾਰਾਂ ਨੂੰ ਸਵੈ ਸਹਾਇਤਾ ਸਮੂਹ ਬਣਾ ਕੇ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਉਠਾ ਕੇ ਛੋਟੇ ਪੱਧਰ ਤੇ ਉਦਯੋਗ ਸਥਾਪਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਸਿਖਿਆਰਥੀਆਂ ਨੇ ਸਾਬਣ ਅਤੇ ਸਫ਼ਾਈ ਪਦਾਰਥਾਂ ਦੇ ਨਿਰਮਾਣ ਦੀ ਪ੍ਰਯੋਗਿਕ ਸਿਖਲਾਈ ਵਿੱਚ ਭਰਪੂਰ ਦਿਲਚਸਪੀ ਦਿਖਾਈ ਅਤੇ ਇਸ ਨੂੰ ਆਮਦਨ ਵਧਾਉਣ ਅਤੇ ਸਵੈ-ਰੁਜ਼ਗਾਰ ਦੇ ਇੱਕ ਪ੍ਰਭਾਵਸ਼ਾਲੀ ਸਾਧਨ ਵਜੋਂ ਅਪਣਾਉਣ ਦੀ ਇੱਛਾ ਪ੍ਰਗਟ ਕੀਤੀ।

Leave a Reply

Your email address will not be published. Required fields are marked *