ਪੰਜਾਬ ਸਰਕਾਰ ਵੱਲੋਂ ਯੁਵਕਾਂ ਨੂੰ ਲਿਖਤੀ ਅਤੇ ਫਿਜ਼ੀਕਲ ਟ੍ਰੇਨਿੰਗ ਲਈ ਮੁਫ਼ਤ ਕੈਂਪ ਸ਼ੁਰੂ: ਕੈਪਟਨ ਗੁਰਦਰਸ਼ਨ ਸਿੰਘ
ਫ਼ਿਰੋਜ਼ਪੁਰ, 16 ਸਤੰਬਰ:Aaj Tak Aamne Saamne
ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਫ਼ਿਰੋਜ਼ਪੁਰ ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ (ਰਿਟਾਇਰਡ) ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਵੱਖ-ਵੱਖ ਫੋਰਸਾਂ ਵਿੱਚ 25487 ਪੋਸਟਾਂ ਸੀ.ਏ.ਪੀ.ਐਫ਼ (ਜੀ.ਡੀ.), ਬੀ.ਐਸ.ਐਫ਼., ਸੀ.ਆਈ.ਐਸ.ਐਫ਼., ਸੀ.ਆਰ.ਪੀ.ਐਫ਼., ਐਸ.ਐਸ.ਬੀ., ਆਈ.ਟੀ.ਬੀ.ਪੀ., ਏ.ਆਰ., ਐਸ.ਐਸ.ਐਫ਼., ਅਤੇ ਐਨ.ਆਈ.ਏ. ਲਈ ਕੱਢੀਆਂ ਜਾ ਰਹੀਆਂ ਹਨ। ਇਨ੍ਹਾਂ ਪੋਸਟਾਂ ਲਈ ਰਜਿਸਟ੍ਰੇਸ਼ਨ ਸਤੰਬਰ ਅਤੇ ਅਕਤੂਬਰ 2026 ਦੌਰਾਨ ਹੋਣ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਭਰਤੀਆਂ ਵਿੱਚੋਂ ਕੇਵਲ ਲੜਕਿਆਂ ਨੂੰ ਲਿਖਤੀ ਪੇਪਰ ਅਤੇ ਫਿਜ਼ੀਕਲ ਦੀ ਤਿਆਰੀ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਮੁਫ਼ਤ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ ਅਤੇ ਮੋਗਾ ਜ਼ਿਲ੍ਹਿਆਂ ਦੇ ਜਿਹੜੇ ਯੁਵਕ ਉਪਰੋਕਤ ਭਰਤੀਆਂ ਲਈ ਲਿਖਤੀ ਅਤੇ ਫਿਜ਼ੀਕਲ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ (ਸਵੇਰੇ 9:30 ਵਜੇ ਤੋਂ 11:30 ਵਜੇ ਤੱਕ ਸੋਮਵਾਰ ਤੋਂ ਸ਼ੁੱਕਰਵਾਰ) ਜਲਦ ਤੋਂ ਜਲਦ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਨਾਮ ਦਰਜ ਕਰਵਾਉਣ ਲਈ ਰਿਪੋਰਟ ਕਰਨ।
ਕੈਂਪ ਵਿਖੇ ਨਾਮ ਦਰਜ ਕਰਵਾਉਣ ਅਤੇ ਟ੍ਰੇਨਿੰਗ ਲੈਣ ਲਈ ਯੁਵਕ ਆਪਣੇ ਨਾਲ ਉਪਰੋਕਤ ਕਿਸੇ ਵੀ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਫੋਟੋਸਟੇਟ ਕਾਪੀ, ਦਸਵੀਂ ਜਮਾਤ ਦਾ ਅਸਲ ਸਰਟੀਫਿਕੇਟ ਅਤੇ ਉਸ ਦੀ ਫੋਟੋਸਟੇਟ ਕਾਪੀ, ਪੰਜਾਬ ਰੈਜ਼ੀਡੈਂਸ ਸਰਟੀਫਿਕੇਟ ਦੀ ਫੋਟੋਸਟੇਟ ਕਾਪੀ, ਜਾਤੀ ਸਰਟੀਫਿਕੇਟ ਦੀ ਫੋਟੋਸਟੇਟ ਕਾਪੀ, ਆਧਾਰ ਕਾਰਡ ਦੀ ਫੋਟੋਸਟੇਟ ਕਾਪੀ, ਚਾਲੂ ਬੈਂਕ ਖਾਤੇ ਦੀ ਫੋਟੋਸਟੇਟ ਕਾਪੀ ਅਤੇ ਇੱਕ ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਉਣ। ਇਸ ਤੋਂ ਇਲਾਵਾ ਯੁਵਕ ਆਪਣੇ ਨਾਲ ਇੱਕ ਕਾਪੀ, ਪੈੱਨ, ਖਾਣਾ ਖਾਣ ਲਈ ਬਰਤਨ ਅਤੇ ਰਹਿਣ ਲਈ ਬਿਸਤਰਾ ਆਦਿ ਵੀ ਨਾਲ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਹਾਇਸ਼ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ ਅਤੇ ਫਿਜ਼ੀਕਲ ਟ੍ਰੇਨਿੰਗ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ ਲਈ ਜਾਵੇਗੀ।
ਕੈਪਟਨ (ਰਿਟਾਇਰਡ) ਗੁਰਦਰਸ਼ਨ ਸਿੰਘ ਨੇ ਜ਼ਿਲ੍ਹੇ ਦੇ ਯੋਗ ਯੁਵਕਾਂ ਨੂੰ ਇਸ ਮੁਫ਼ਤ ਟ੍ਰੇਨਿੰਗ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਸਮੇਂ ਸਿਰ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਆਪਣਾ ਨਾਮ ਦਰਜ ਕਰਵਾਉਣ ਦੀ ਅਪੀਲ ਕੀਤੀ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ 73476-66557 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

