ਸਰਸ ਮੇਲਾ-2026 ਵਿੱਚ ਨਾਮਵਰ ਗਾਇਕਾਂ ਦੀਆਂ ਪੇਸ਼ਕਾਰੀਆਂ ਨਾਲ ਸਜ ਰਹੀਆਂ ਨੇ ਸੱਭਿਆਚਾਰਕ ਸ਼ਾਮਾਂ: ਡਿਪਟੀ ਕਮਿਸ਼ਨਰ ਪੂਨਮਦੀਪ ਕੌਰ

पंजाब

ਸੰਗਰੂਰ, 10 ਅਕਤੂਬਰ: ( ਵਰਿੰਦਰ ਕੁਮਾਰ ਬਿਊਰੋ ਚੀਫ) ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਕੈਰੋਂ ਫੈਕਟਰੀ ਗਰਾਊਂਡ, ਪਟਿਆਲਾ ਬਾਈਪਾਸ, ਯਾਦਵਿੰਦਰਾ ਹੋਟਲ ਦੇ ਸਾਹਮਣੇ ਕਰਵਾਏ ਜਾ ਰਹੇ ‘ਸਰਸ ਮੇਲਾ-2026’ ਦੌਰਾਨ ਲੋਕਾਂ ਦੇ ਮਨੋਰੰਜਨ ਲਈ ਨਾਮਵਰ ਗਾਇਕਾਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। 20 ਅਕਤੂਬਰ ਤਕ ਚੱਲਣ ਵਾਲੇ ਇਸ ਮੇਲੇ ਵਿੱਚ ਦੇਸ਼ ਭਰ ਦੀ ਹਸਤਕਲਾ, ਰਵਾਇਤੀ ਉਤਪਾਦਾਂ ਅਤੇ ਖਰੀਦਦਾਰੀ ਦੇ ਨਾਲ-ਨਾਲ ਦਰਸ਼ਕ ਪੰਜਾਬੀ ਗਾਇਕੀ ਦਾ ਵੀ ਆਨੰਦ ਮਾਣ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਮੇਲੇ ਦੀਆਂ ਸੱਭਿਆਚਾਰਕ ਸ਼ਾਮਾਂ ਲਈ ਵੱਖ-ਵੱਖ ਦਿਨਾਂ ’ਤੇ ਪ੍ਰਸਿੱਧ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨਿਰਧਾਰਤ ਕੀਤੀਆਂ ਗਈਆਂ ਹਨ।
ਮੇਲੇ ਦੇ ਨਿਰਧਾਰਤ ਸ਼ਡਿਊਲ ਮੁਤਾਬਕ 11 ਅਕਤੂਬਰ ਨੂੰ ਅੰਮ੍ਰਿਤ ਮਾਨ, 12 ਅਕਤੂਬਰ ਨੂੰ ਹੈਪੀ ਰਾਏਕੋਟੀ, 13 ਅਕਤੂਬਰ ਨੂੰ ਨਿੰਜਾ ਅਤੇ 14 ਅਕਤੂਬਰ ਨੂੰ ਕੌਰ ਬੀ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। 15 ਅਕਤੂਬਰ ਨੂੰ ਲਾਭ ਹੀਰਾ, 16 ਅਕਤੂਬਰ ਨੂੰ ਸਿਕੰਦਰ ਸਲੀਮ ਅਤੇ ਗੁਰਜੀਤ ਜੀਤੀ, 17 ਅਕਤੂਬਰ ਨੂੰ ਹਰਭਜਨ ਮਾਨ, 18 ਅਕਤੂਬਰ ਨੂੰ ਰਣਜੀਤ ਬਾਵਾ, 19 ਅਕਤੂਬਰ ਨੂੰ ਆਰ ਨੇਤ ਅਤੇ 20 ਅਕਤੂਬਰ ਨੂੰ ਸਿੱਪੀ ਗਿੱਲ ਦੀਆਂ ਪੇਸ਼ਕਾਰੀਆਂ ਹੋਣਗੀਆਂ। ਵੱਖ-ਵੱਖ ਗਾਇਕਾਂ ਦੀ ਸ਼ਮੂਲੀਅਤ ਨਾਲ ਮੇਲੇ ਵਿੱਚ ਪਹੁੰਚਣ ਵਾਲੇ ਦਰਸ਼ਕਾਂ ਨੂੰ ਪੰਜਾਬੀ ਸੰਗੀਤ ਦੇ ਵਿਭਿੰਨ ਰੰਗ ਮਾਣਨ ਦਾ ਮੌਕਾ ਮਿਲੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ ਸੁਖਚੈਨ ਸਿੰਘ ਪਾਪੜਾ ਨੇ ਕਿਹਾ ਕਿ ਸਰਸ ਮੇਲਾ ਪੇਂਡੂ ਦਸਤਕਾਰਾਂ ਅਤੇ ਸਵੈ-ਸਹਾਇਤਾ ਸਮੂਹਾਂ ਦੀ ਮਿਹਨਤ ਤੇ ਹੁਨਰ ਨੂੰ ਵੱਡੇ ਪੱਧਰ ’ਤੇ ਪਛਾਣ ਦਿਵਾਉਣ ਦਾ ਇੱਕ ਅਹਿਮ ਮੰਚ ਹੈ। ਉਨ੍ਹਾਂ ਕਿਹਾ ਕਿ ਮੇਲੇ ਵਿੱਚ ਸੱਭਿਆਚਾਰਕ ਪੇਸ਼ਕਾਰੀਆਂ ਦਾ ਆਨੰਦ ਮਾਣਨ ਲਈ ਆਉਣ ਵਾਲੇ ਲੋਕ ਵੱਖ-ਵੱਖ ਸਟਾਲਾਂ ’ਤੇ ਪ੍ਰਦਰਸ਼ਿਤ ਹੱਥੀਂ ਤਿਆਰ ਕੀਤੇ ਉਤਪਾਦਾਂ ਨੂੰ ਵੀ ਜ਼ਰੂਰ ਦੇਖਣ ਅਤੇ ਖਰੀਦਣ, ਤਾਂ ਜੋ ਇਨ੍ਹਾਂ ਨਾਲ ਜੁੜੇ ਪਰਿਵਾਰਾਂ ਦੀ ਆਰਥਿਕਤਾ ਨੂੰ ਹੁਲਾਰਾ ਮਿਲ ਸਕੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪਰਿਵਾਰਾਂ ਸਮੇਤ ਮੇਲੇ ਵਿੱਚ ਪਹੁੰਚ ਕੇ ਇਸ ਦੀਆਂ ਰੌਣਕਾਂ ਵਧਾਉਣ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਪਰਿਵਾਰਾਂ ਸਮੇਤ ਸਰਸ ਮੇਲੇ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਹਸਤਕਲਾ, ਖਰੀਦਦਾਰੀ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦੇ ਇਸ ਸੁਮੇਲ ਦਾ ਆਨੰਦ ਮਾਣਨ। ਉਨ੍ਹਾਂ ਨੇ ਅਪੀਲ ਕੀਤੀ ਕਿ ਮੇਲੇ ਦੌਰਾਨ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ।

Leave a Reply

Your email address will not be published. Required fields are marked *