ਧੂਰੀ, 16 ਅਕਤੂਬਰ ( ਵਰਿੰਦਰ ਕੁਮਾਰ ਬਿਊਰੋ ਚੀਫ ): ਧੂਰੀ-ਬਰਨਾਲਾ ਮੁੱਖ ਮਾਰਗ ਤੇ ਸਥਿਤ ਪਿੰਡ ਕੱਕੜਵਾਲ ਨੇੜੇ ਦੋ ਆਵਾਰਾ ਸਾਨ੍ਹਾਂ ਦੀ ਆਪਸੀ ਭੇੜ ਕਾਰਨ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ ਛੁੱਟੀ ਆਏ 40 ਸਾਲਾ ਭਾਰਤੀ ਫ਼ੌਜ ਦੇ ਜਵਾਨ ਦੀ ਦਰਦਨਾਕ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਧੂਰੀ ਤੋਂ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਹਰਨੇਕ ਸਿੰਘ ਪੇਧਨੀ ਦੇ ਪੁੱਤਰ ਸੰਦੀਪ ਸਿੰਘ ਵਜੋਂ ਹੋਈ ਹੈ। ਅੱਜ ਮ੍ਰਿਤਕ ਦੇਹ ਦਾ ਉਨ੍ਹਾਂ ਦੇ ਪਿੰਡ ਪੇਧਨੀ ਵਿਖੇ ਸਰਕਾਰੀ ਫ਼ੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਲਾਕਾ ਨਿਵਾਸੀਆਂ ਵਿੱਚ ਆਵਾਰਾ ਪਸ਼ੂਆਂ ਦੀ ਰੋਕਥਾਮ ਨਾ ਹੋਣ ਕਰਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਅਤੇ ਸਹਿਮ ਦਾ ਮਾਹੌਲ ਹੈ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਮ੍ਰਿਤਕ ਦੇ ਪੁੱਤਰ ਰਵਨੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸੰਦੀਪ ਸਿੰਘ (40) ਭਾਰਤੀ ਸੈਨਾ ਦੀ 17 ਪੂਨਾ ਹੈੱਡਸ ਵਿੱਚ ਬਤੌਰ ਹਵਾਲਦਾਰ ਸੇਵਾਵਾਂ ਨਿਭਾ ਰਹੇ ਸਨ ਅਤੇ ਛੁੱਟੀ ‘ਤੇ ਘਰ ਆਏ ਹੋਏ ਸਨ, ਜਦੋਂ ਉਹ ਦੋਵੇਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਨੂੰ ਜਾਂਦੇ ਸਮੇਂ ਡੀ.ਏ.ਵੀ. ਸਕੂਲ ਕੱਕੜਵਾਲ ਨੇੜੇ ਪਹੁੰਚੇ, ਤਾਂ ਅਚਾਨਕ ਨਾਲ ਲੱਗਦੇ ਪਲਾਟ ਵਿੱਚੋਂ ਦੋ ਆਵਾਰਾ ਸਾਨ੍ਹ ਆਪਸ ਵਿੱਚ ਭਿੜਦੇ ਹੋਏ ਸੜਕ ‘ਤੇ ਆ ਗਏ ਅਤੇ ਸਾਡੇ ਮੋਟਰਸਾਈਕਲ ਨਾਲ ਜਾ ਟਕਰਾਏ,। ਇਸ ਹਾਦਸੇ ਦੌਰਾਨ ਉਸਦਾ ਪਿਤਾ ਗੰਭੀਰ ਜਖ਼ਮੀ ਹੋ ਗਿਆ, ਜਿਸਨੂੰ ਇਲਾਜ ਲਈ ਲੁਧਿਆਣਾ ਲਿਜਾਂਦੇ ਸਮੇਂ ਉਸਦੀ ਰਸਤੇ ਚ ਮੌਤ ਹੋ ਗਈ। ਉਧਰ ਇਲਾਕੇ ਦੇ ਰਾਜਸੀ, ਧਾਰਮਿਕ, ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਨੇ ਸੰਦੀਪ ਸਿੰਘ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਪੱਤਰਕਾਰ ਹਰਨੇਕ ਸਿੰਘ ਪੇਧਨੀ ਨਾਲ ਦਿਲੀ ਹਮਦਰਦੀ ਪ੍ਰਗਟਾਈ।

