ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ : ਬ੍ਰਮ ਸ਼ੰਕਰ ਜਿੰਪਾ

पंजाब

ਵਿਦਿਆ ਮੰਦਰ ਸਕੂਲ ਦੇ ਸਨਮਾਨ ਸਮਾਰੋਹ ’ਚ ਵਿਧਾਇਕ ਜਿੰਪਾ ਨੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ, ਰਾਸ਼ਟਰੀ ਪੱਧਰ ਲਈ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਹੁਸ਼ਿਆਰਪੁਰ, 26 ਨਵੰਬਰ: (ਹਰਵਿੰਦਰ ਸਿੰਘ ) ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਮਹੱਤਵਪੂਰਨ ਸਾਧਨ ਹਨ। ਖੇਡਾਂ ਰਾਹੀਂ ਬੱਚਿਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਸੰਘਰਸ਼ ਕਰਨ ਦੀ ਸਮਰੱਥਾ ਵਿਕਸਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਸਮਾਜ ਅਤੇ ਦੇਸ਼ ਦਾ ਮਾਣ ਵਧਾਉਂਦੇ ਹਨ। ਅਜਿਹੇ ਪ੍ਰਤਿਭਾਸ਼ਾਲੀ ਖਿਡਾਰੀਆਂ ਦੀਆਂ ਪ੍ਰਾਪਤੀਆਂ ਹੋਰਨਾਂ ਨੌਜਵਾਨਾਂ ਨੂੰ ਵੀ ਖੇਡਾਂ ਪ੍ਰਤੀ ਪ੍ਰੇਰਿਤ ਕਰਦੀਆਂ ਹਨ।
ਵਿਧਾਇਕ ਜਿੰਪਾ ਅੱਜ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਮਾਡਲ ਸਕੂਲ, ਹੁਸ਼ਿਆਰਪੁਰ ਵਿਖੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦੇ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮੇਅਰ ਪ੍ਰਵੀਨ ਸੈਣੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਵਿਧਾਇਕ ਜਿੰਪਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਸਫਲਤਾ ਪਿੱਛੇ ਉਨ੍ਹਾਂ ਦੀ ਸਖ਼ਤ ਮਿਹਨਤ, ਕੋਚਾਂ ਦਾ ਕੁਸ਼ਲ ਮਾਰਗਦਰਸ਼ਨ, ਅਧਿਆਪਕਾਂ ਦਾ ਸਹਿਯੋਗ ਅਤੇ ਮਾਪਿਆਂ ਦਾ ਉਤਸ਼ਾਹ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਸਕੂਲ ਪ੍ਰਬੰਧਕਾਂ ਦੀ ਵੀ ਸ਼ਲਾਘਾ ਕੀਤੀ, ਜੋ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਬਿਹਤਰ ਮੌਕੇ ਪ੍ਰਦਾਨ ਕਰ ਰਹੇ ਹਨ।
ਸਕੂਲ ਦੇ ਪ੍ਰਧਾਨ ਅਨੁਰਾਗ ਸੂਦ ਨੇ ਦੱਸਿਆ ਕਿ ਸਕੂਲ ਦੀਆਂ ਵਿਦਿਆਰਥਣਾਂ ਨੇ ਵਾਲੀਬਾਲ ਅਤੇ ਬੀਚ ਵਾਲੀਬਾਲ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਵਿੱਚ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਰਾਜ ਪੱਧਰੀ ਬੀਚ ਵਾਲੀਬਾਲ ਮੁਕਾਬਲਿਆਂ ਵਿੱਚ ਅੰਡਰ-14 ਟੀਮ ਨੇ ਸੋਨ ਤਮਗਾ, ਅੰਡਰ-17 ਟੀਮ ਨੇ ਚਾਂਦੀ ਦਾ ਤਮਗਾ ਅਤੇ ਅੰਡਰ-19 ਟੀਮ ਨੇ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਸੱਤਵੀਂ ਜਮਾਤ ਦੀਆਂ ਯਕਸ਼ਿਤਾ ਸ਼ਰਮਾ ਅਤੇ ਦੀਕਸ਼ਾ ਦੀ ਚੋਣ ਨੈਸ਼ਨਲ ਸਕੂਲ ਖੇਡਾਂ ਲਈ ਹੋਈ ਹੈ। ਯਕਸ਼ਿਤਾ ਸ਼ਰਮਾ ਅਤੇ ਅਨੂ ਦੀ ਚੋਣ ਬੀਚ ਵਾਲੀਬਾਲ ਦੇ ਰਾਸ਼ਟਰੀ ਪੱਧਰੀ ਕੈਂਪ ਲਈ ਹੋਈ ਹੈ। ਇਸ ਤੋਂ ਇਲਾਵਾ ਅੰਡਰ-19 ਵਰਗ ਵਿੱਚੋਂ ਮੀਨਾਕਸ਼ੀ ਸੋਨੀ ਅਤੇ ਜੰਨਤ ਡਡਵਾਲ ਦੀ ਚੋਣ ਵੀ ਬੀਚ ਵਾਲੀਬਾਲ ਕੈਂਪ ਲਈ ਕੀਤੀ ਗਈ ਹੈ। ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਫਤਿਹਗੜ੍ਹ ਸਾਹਿਬ ਵਿਖੇ ਕਰਵਾਏ ਗਏ ਜੂਡੋ ਦੇ ਰਾਜ ਪੱਧਰੀ ਟੂਰਨਾਮੈਂਟ ਵਿੱਚ ਤੀਜਾ ਸਥਾਨ ਹਾਸਲ ਕੀਤਾ।

ਇਸ ਮੌਕੇ ਸੇਵਾਮੁਕਤ ਡੀਐੱਸਓ ਕੁਲਦੀਪ ਸਿੰਘ ਨੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦਿਆਂ ਵਾਲੀਬਾਲ ਕਲੱਬ ਨੂੰ 35 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ।
ਸਮਾਰੋਹ ਵਿੱਚ ਆਤਮਸੁਖ ਆਤਮਦੇਵ ਆਸ਼ਰਮ ਦੇ ਸੰਚਾਲਕ ਨਵਦੀਪ ਸੂਦ, ਸਕੂਲ ਦੇ ਜਨਰਲ ਸਕੱਤਰ ਡਾ. ਹਰਸ਼ਵਿੰਦਰ ਸਿੰਘ ਪਠਾਨੀਆ, ਕੌਂਸਲਰ ਰਾਜਾ, ਐੱਨਆਰਆਈ ਹਰਜੀਤ ਸਿੰਘ ਗਿੱਲ, ਸੇਵਾਮੁਕਤ ਬੀਐੱਸਐੱਫ ਕਮਾਂਡੈਂਟ ਚੰਚਲ ਸਿੰਘ, ਸੇਵਾਮੁਕਤ ਪ੍ਰਿੰਸੀਪਲ ਰਵੀ ਮਹਿਤਾ ਅਤੇ ਮਲਕੀਤ ਕੁਮਾਰ, ਲੈਕਚਰਾਰ ਰਾਜਵਿੰਦਰ ਕੌਰ, ਹਰਵਿੰਦਰ ਸਿੰਘ, ਵਾਲੀਬਾਲ ਇੰਚਾਰਜ ਗੁਰਪ੍ਰੀਤ ਕੌਰ, ਮਨੀਸ਼ਾ ਜੋਸ਼ੀ, ਮੋਨਿਕਾ ਨਾਰੰਗ ਅਤੇ ਪ੍ਰਿੰਸੀਪਲ ਸ਼ੋਭਾ ਰਾਣੀ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Leave a Reply

Your email address will not be published. Required fields are marked *