ਮੁੱਖ ਮੰਤਰੀ ਵੱਲੋਂ ਗੰਨੇ ਦਾ ਭਾਅ ਵਧਾ ਕੇ 416 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ, ਪੰਜਾਬ ਗੰਨੇ ਦਾ ਸਭ ਤੋਂ ਵੱਧ ਭਾਅ ਦੇਣ ਦੇ ਮਾਮਲੇ ਵਿੱਚ ਦੇਸ਼ ‘ਚ ਮੋਹਰੀ
* ਦੀਨਾਨਗਰ ਵਿਖੇ ਨਵੀਂ ਖੰਡ ਮਿੱਲ ਅਤੇ ਕੋ-ਜੈਨਰੇਸ਼ਨ ਪਲਾਂਟ ਦਾ ਕੀਤਾ ਉਦਘਾਟਨ
* ਸੂਬਾ ਸਰਕਾਰ ਵੱਲੋਂ ਤਿਆਰ ਕੀਤੀ ਜਾ ਰਹੀ ਸਲਫਰ ਰਹਿਤ ‘ਫ਼ਤਿਹ’ ਖੰਡ ਲਾਂਚ ਕੀਤੀ
ਦੀਨਾਨਗਰ, 26 ਨਵੰਬਰ(ਸੋਨੂੰ ਸਮੇਆਲ,ਰਵਿੰਦਰ ਸਿੰਘ)
ਦੇਸ਼ ਭਰ ਵਿੱਚ ਗੰਨਾ ਕਾਸ਼ਤਕਾਰਾਂ ਨੂੰ ਸਭ ਤੋਂ ਵੱਧ ਭਾਅ ਦੇਣ ਦੀ ਰੀਤ ਨੂੰ ਬਰਕਰਾਰ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਗਾਮੀ ਪਿੜਾਈ ਸੀਜ਼ਨ ਲਈ ਗੰਨੇ ਦਾ ਭਾਅ ਵਧਾ ਕੇ 416 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ ਹੈ, ਜੋ ਸੂਬੇ ਭਰ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦਾ ਹੈ ।
ਦੀਨਾਨਗਰ ਵਿਖੇ ਨਵੀਂ ਖੰਡ ਮਿੱਲ ਅਤੇ ਕੋ-ਜੈਨਰੇਸ਼ਨ ਪਲਾਂਟ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਗੰਨੇ ਦਾ ਸਭ ਤੋਂ ਵੱਧ ਭਾਅ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨੇ ਕੌਮੀ ਪੱਧਰ ‘ਤੇ ਇੱਕ ਨਵਾਂ ਮਾਪਦੰਡ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਦੇਸ਼ ਭਰ ‘ਚੋਂ ਸਭ ਤੋਂ ਵੱਧ ਭਾਅ ਦੇਣ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਆਪਣੇ ਕਿਸਾਨਾਂ ਨੂੰ ਦੇਸ਼ ਭਰ ‘ਚੋਂ ਗੰਨੇ ਦਾ ਸਭ ਤੋਂ ਵੱਧ ਭਾਅ ਦਿੰਦਾ ਰਿਹਾ ਹੈ, ਜਿਸ ਨੂੰ ਉਨ੍ਹਾਂ ਦੀ ਸਰਕਾਰ ਨੇ ਬਰਕਰਾਰ ਰੱਖਿਆ ਹੈ।
ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਇਸ ਕਿਸਾਨ-ਪੱਖੀ ਪਹਿਲ ਨਾਲ ਕਿਸਾਨਾਂ ਖਾਸ ਕਰ ਕੇ ਸਰਹੱਦੀ ਜ਼ਿਲ੍ਹਿਆਂ ਦੇ ਕਿਸਾਨਾਂ, ਜਿੱਥੇ ਗੰਨਾ ਇੱਕ ਮੁੱਖ ਫਸਲ ਹੈ, ਨੂੰ ਵੱਡਾ ਫਾਇਦਾ ਹੋਵੇਗਾ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਗੰਨਾ, ਫ਼ਸਲੀ ਵਿਭਿੰਨਤਾ ਦਾ ਆਧਾਰ ਹੈ, ਜੋ ਸੂਬੇ ਦੇ ਫਸਲੀ ਵਿਭਿੰਨਤਾ ਯਤਨਾਂ ਨੂੰ ਹੋਰ ਮਜ਼ਬੂਤ ਕਰ ਸਕਦਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਗੰਨੇ ਨੂੰ ਪਾਣੀ ਦੀ ਜ਼ਿਆਦਾ ਖ਼ਪਤ ਵਾਲੀਆਂ ਫਸਲਾਂ ਦੇ ਵਿਹਾਰਕ ਬਦਲ ਵਜੋਂ ਮਾਨਤਾ ਦੇਵੇ ਅਤੇ ਗੰਨੇ ਦੀ ਖੇਤੀ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰੇ।
ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਦਾਸਪੁਰ ਵਿਖੇ ਨਵੀਂ ਸਹਿਕਾਰੀ ਖੰਡ ਮਿੱਲ ਲੋਕਾਂ ਨੂੰ ਸਮਰਪਿਤ ਕੀਤੀ ਹੈ, ਜੋ ਸੂਬੇ ਦੇ ਸਹਿਕਾਰੀ ਅਤੇ ਖੇਤੀਬਾੜੀ-ਉਦਯੋਗਿਕ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ 1980 ਵਿੱਚ 1,250 ਟੀਸੀਡੀ ਦੀ ਸ਼ੁਰੂਆਤੀ ਪਿੜਾਈ ਸਮਰੱਥਾ ਤੋਂ ਸ਼ੁਰੂ ਹੋ ਕੇ ਇਸ ਮਿੱਲ ਨੂੰ 1987 ਵਿੱਚ ਵਧਾ ਕੇ 2,000 ਟੀਸੀਡੀ ਤੱਕ ਕਰ ਦਿੱਤਾ ਗਿਆ ਸੀ, ਇਹ ਮਿੱਲ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਗੰਨਾ ਕਾਸ਼ਤਕਾਰਾਂ ਲਈ ਮਹੱਤਵਪੂਰਨ ਕੰਮ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਇਸ ਖਿੱਤੇ ਵਿੱਚ ਮੌਜੂਦਾ ਸਮੇਂ ਲਗਪਗ 80 ਲੱਖ ਕੁਇੰਟਲ ਗੰਨਾ ਪੈਦਾ ਹੁੰਦਾ ਹੈ ਅਤੇ ਇਸਦੇ ਮੁਕਾਬਲੇ ਪਹਿਲਾਂ ਮਿੱਲ ਦੀ ਪ੍ਰਤੀ ਸੀਜ਼ਨ ਪਿੜਾਈ ਸਮਰੱਥਾ ਸਿਰਫ਼ 25 ਲੱਖ ਕੁਇੰਟਲ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਪਾੜੇ ਨੂੰ ਪੂਰਨ ਲਈ ਇਸਦੇ ਆਧੁਨਿਕੀਕਰਨ ਦਾ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਮਿੱਲ ਦੀ ਪਿੜਾਈ ਸਮਰੱਥਾ 5,000 ਟੀਸੀਡੀ ਤੱਕ ਵਧਾਈ ਗਈ ਹੈ, ਜੋ ਖਿੱਤੇ ਵਿੱਚ ਗੰਨੇ ਦੀ ਫ਼ਸਲ ਦੀ ਸਮੇਂ ਸਿਰ ਅਤੇ ਕੁਸ਼ਲ ਢੰਗ ਨਾਲ ਪਿੜਾਈ ਨੂੰ ਯਕੀਨੀ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਨਵਾਂ ਸ਼ੂਗਰ ਕੰਪਲੈਕਸ ਪ੍ਰੋਸੈਸਿੰਗ ਸਮਰੱਥਾ ਅਤੇ ਕਿਸਾਨਾਂ ਦੀ ਆਮਦਨ ਨੂੰ ਵਧਾਉਂਦਿਆਂ ਗੰਨੇ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਏਗਾ। ਇਸ ਦੇ ਨਾਲ ਹੀ ਖੰਡ ਦੀ ਗੁਣਵੱਤਾ ਵਿੱਚ ਸੁਧਾਰ ਦੇ ਨਾਲ-ਨਾਲ ਆਵਾਜਾਈ ਦੇ ਖ਼ਰਚੇ ਨੂੰ ਵੀ ਘਟਾਏਗਾ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਇਸ ਨਾਲ ਖਿੱਤੇ ਦੇ ਹਜ਼ਾਰਾਂ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੋਜ਼ਗਾਰ ਮਿਲਣ ਤੋਂ ਇਲਾਵਾ ਟਿਕਾਊ ਮਾਲੀਆ ਸਰੋਤ ਵੀ ਪੈਦਾ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਦੇ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ, ਪੇਂਡੂ ਉਦਯੋਗ ਨੂੰ ਹੁਲਾਰਾ ਦੇਣ ਅਤੇ ਕਿਸਾਨਾਂ ਦੀ ਖੁਸ਼ਹਾਲੀ ਤੇ ਸਾਫ਼ ਊਰਜਾ ਉਤਪਾਦਨ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਵੱਲ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇੱਕ ਅਤਿ-ਆਧੁਨਿਕ ਸਲਫਰ ਰਹਿਤ ਰਿਫਾਈਂਡ ਸ਼ੂਗਰ ਪਲਾਂਟ ਵੀ ਸਥਾਪਿਤ ਕੀਤਾ ਗਿਆ ਹੈ, ਜੋ ਪ੍ਰੀਮੀਅਮ-ਗ੍ਰੇਡ ਖੰਡ ਪੈਦਾ ਕਰਨ ਦੇ ਸਮਰੱਥ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇੱਕ ਹੋਰ ਮੁੱਖ ਵਿਸ਼ੇਸ਼ਤਾ 28.5 ਮੈਗਾਵਾਟ ਸਹਿ-ਉਤਪਾਦਨ ਪਾਵਰ ਪਲਾਂਟ ਦਾ ਕਾਰਜਸ਼ੀਲ ਹੋਣਾ ਹੈ, ਜੋ ਕਿ ਪੀਐਸਪੀਸੀਐਲ ਨੂੰ 20 ਮੈਗਾਵਾਟ ਵਾਧੂ ਬਿਜਲੀ ਨਿਰਯਾਤ ਕਰਨ ਲਈ ਤਿਆਰ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਬਿਜਲੀ ਨਿਰਯਾਤ ਤੋਂ ਹਰੇਕ ਪਿੜਾਈ ਸੀਜ਼ਨ ਦੌਰਾਨ ਲਗਪਗ 20 ਕਰੋੜ ਰੁਪਏ ਸਾਲਾਨਾ ਮਾਲੀਆ ਪੈਦਾ ਹੋਣ ਦਾ ਅਨੁਮਾਨ ਹੈ, ਜਿਸ ਨਾਲ ਮਿੱਲ ਦੀ ਵਿੱਤੀ ਸਥਿਰਤਾ ਨੂੰ ਕਾਫ਼ੀ ਮਜ਼ਬੂਤੀ ਮਿਲੇਗੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਵਿਸਥਾਰ ਨਾਲ ਪੂਰੇ ਖੇਤਰ ਦੇ ਗੰਨਾ ਉਤਪਾਦਕਾਂ ਨੂੰ ਸਿੱਧਾ ਲਾਭ ਹੋਵੇਗਾ ਅਤੇ ਮਿੱਲ ਨੂੰ ਗੰਨਾ ਸਪਲਾਈ ਕਰਨ ਵਾਲੇ ਕਿਸਾਨਾਂ ਦੀ ਗਿਣਤੀ 2,850 ਉਤਪਾਦਕਾਂ ਤੋਂ ਵਧ ਕੇ ਲਗਪਗ 7,025 ਉਤਪਾਦਕਾਂ ਤੱਕ ਪਹੁੰਚਣ ਦੀ ਉਮੀਦ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਦੂਰ-ਦੁਰਾਡੇ ਦੀਆਂ ਨਿੱਜੀ ਮਿੱਲਾਂ ‘ਤੇ ਨਿਰਭਰਤਾ ਬਹੁਤ ਘੱਟ ਜਾਵੇਗੀ ਅਤੇ ਕਿਸਾਨਾਂ ਦਾ ਆਵਾਜਾਈ ਦਾ ਸਮਾਂ ਬਚੇਗਾ ਅਤੇ ਲਾਗਤ ਕਾਫ਼ੀ ਘਟੇਗੀ।
ਸਥਾਨਕ ਮੰਗਾਂ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਖੇਤਰ ਵਿੱਚ ਮੈਡੀਕਲ ਕਾਲਜ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਜਲਦੀ ਹੀ ਪੂਰੀ ਹੋ ਜਾਵੇਗੀ, ਕਿਉਂਕਿ ਸੂਬਾ ਸਰਕਾਰ ਪੰਜਾਬ ਨੂੰ ਮੈਡੀਕਲ ਖੇਤਰ ਵਿੱਚ ਇੱਕ ਵਿਦਿਅਕ ਹੱਬ ਵਜੋਂ ਸਥਾਪਤ ਕਰਨ ਵੱਲ ਲਗਾਤਾਰ ਅੱਗੇ ਵਧ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਨੇ ਤਰਨਤਾਰਨ ਵਿਖੇ ਲੜਕੀਆਂ ਲਈ ਇੱਕ ਸਰਕਾਰੀ ਕਾਲਜ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਉਨ੍ਹਾਂ ਨੂੰ ਮਿਆਰੀ ਉਚੇਰੀ ਸਿੱਖਿਆ ਦਿੱਤੀ ਜਾ ਸਕੇ। ਇਸ ਤੋਂ ਇਲਾਵਾ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੰਪਰਕ ਨੂੰ ਬਿਹਤਰ ਬਣਾਉਣ ਅਤੇ ਆਵਾਜਾਈ ਨੂੰ ਸੁਖਾਲਾ ਕਰਨ ਲਈ ਜੰਡਿਆਲਾ ਗੁਰੂ ਵਿਖੇ ਰੇਲਵੇ ਲਾਈਨ ‘ਤੇ ਨਵਾਂ ਓਵਰ ਬ੍ਰਿਜ ਬਣਾਉਣ ਦਾ ਕੰਮ ਚੱਲ ਰਿਹਾ ਹੈ।
ਭਾਜਪਾ ਆਗੂ ਅਸ਼ਵਨੀ ਸ਼ਰਮਾ ‘ਤੇ ਵਿਅੰਗ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਇਹ ਯਕੀਨੀ ਬਣਾਉਣ ਕਿ ਪ੍ਰਧਾਨ ਮੰਤਰੀ ਵੱਲੋਂ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ‘ਟੋਕਨ ਰਿਲੀਫ’ ਵਜੋਂ ਐਲਾਨੀ ਗਈ 1,600 ਕਰੋੜ ਰੁਪਏ ਦੀ ਰਾਸ਼ੀ ਪੰਜਾਬ ਨੂੰ ਜਲਦ ਤੋਂ ਜਲਦ ਮਿਲੇ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਸਿਆਸੀ ਦੂਸ਼ਣਬਾਜ਼ੀ ਵਿੱਚ ਸ਼ਾਮਲ ਹੋਣ ਦੀ ਬਜਾਏ ਕੇਂਦਰ ਤੋਂ ਪੰਜਾਬ ਦੇ ਬਣਦੇ ਹਿੱਸੇ ਅਤੇ ਜਾਇਜ਼ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਭਗਵੰਤ ਸਿੰਘ ਮਾਨ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਸੂਬੇ ਦੇ ਅਧਿਕਾਰਾਂ ਦੇ ਰਖਵਾਲੇ ਹੋਣ ਦੇ ਨਾਤੇ ਉਹ ਚੰਡੀਗੜ੍ਹ ਜਾਂ ਪੰਜਾਬ ਯੂਨੀਵਰਸਿਟੀ ਦੀ ਦਰਜੇ ਨੂੰ ਬਦਲਣ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਡਾਕਟਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਆਖਰੀ ਪੜਾਅ ‘ਤੇ ਹੈ ਅਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਜਲਦ ਹੀ ਸਰਹੱਦੀ ਖੇਤਰਾਂ ਵਿੱਚ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਕਾਬੂ ਵਿੱਚ ਹੈ ਅਤੇ ਸ਼ਾਂਤੀ ਅਤੇ ਸਦਭਾਵਨਾ ਨੂੰ ਖ਼ਤਰਾ ਪੈਦਾ ਕਰਨ ਵਾਲੀਆਂ ਕਿਸੇ ਵੀ ਗਤੀਵਿਧੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੂਬਾ ਸਰਕਾਰ ਦੀਆਂ ਭਲਾਈ ਪਹਿਲਕਦਮੀਆਂ ਨੂੰ ਉਜਾਗਰ ਕਰਦਿਆਂ ਭਗਵੰਤ ਸਿੰਘ ਮਾਨ ਨੇ ਜ਼ਿਕਰ ਕੀਤਾ ਕਿ ਪੰਜਾਬ ਘਰੇਲੂ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਪ੍ਰਦਾਨ ਕਰ ਰਿਹਾ ਹੈ ਅਤੇ ਇਨ੍ਹੀਂ ਦਿਨੀਂ ਸੂਬੇ ਦੇ 90 ਫ਼ੀਸਦ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਤਹਿਤ ਨਾਗਰਿਕਾਂ ਲਈ ਜਲਦ ਹੀ 10 ਲੱਖ ਰੁਪਏ ਦਾ ਬੀਮਾ ਕਵਰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਯਾਤਰੀਆਂ ‘ਤੇ ਬੋਝ ਨੂੰ ਘਟਾਉਣ ਲਈ ਸੂਬੇ ਭਰ ਵਿੱਚ 17 ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਮੰਡੀਆਂ ਵਿੱਚ ਖਰੀਦ ਲਈ ਵਿਸਥਾਰਤ ਪ੍ਰਬੰਧ ਕੀਤੇ ਗਏ, ਜਿਸ ਨਾਲ ਇਸ ਸਾਲ ਕਿਸਾਨਾਂ ਲਈ ਝੋਨੇ ਦੀ ਸੁਚਾਰੂ ਅਤੇ ਨਿਰਵਿਘਨ ਖਰੀਦ ਯਕੀਨੀ ਬਣਾਈ ਗਈ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਖਪਤਕਾਰ ਬ੍ਰਾਂਡ ਫ਼ਤਿਹ ਸ਼ੂਗਰ ਵੀ ਲਾਂਚ ਕੀਤਾ, ਜਿਸ ਵਿੱਚ ਰਿਫਾਇੰਡ ਸ਼ੂਗਰ, ਕੈਸਟਰ ਸ਼ੂਗਰ ਅਤੇ ਆਈਸਿੰਗ ਸ਼ੂਗਰ ਦੇ ਇੱਕ ਕਿਲੋ ਪੈਕ ਦੇ ਨਾਲ-ਨਾਲ 5 ਗ੍ਰਾਮ ਪਾਊਚ ਵੀ ਸਨ। ਉਨ੍ਹਾਂ ਉਮੀਦ ਜਤਾਈ ਕਿ ਬਟਾਲਾ ਸਹਿਕਾਰੀ ਖੰਡ ਮਿੱਲ ਵਿਖੇ ਤਿਆਰ ਕੀਤੇ ਗਏ ਇਸ ਸਲਫਰ-ਮੁਕਤ ਉਤਪਾਦ ਨਾਲ ਵਾਧੂ ਮਾਲੀਆ ਪੈਦਾ ਹੋਣ ਅਤੇ ਖਪਤਕਾਰਾਂ ਨੂੰ ਉੱਚ-ਗੁਣਵੱਤਾ ਵਾਲੀ ਪ੍ਰੀਮੀਅਮ ਖੰਡ ਦਾ ਬਦਲ ਮਿਲੇਗਾ।
ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਚੇਅਰਮੈਨ ਸ਼ੂਗਰਫੈੱਡ ਨਵਦੀਪ ਸਿੰਘ ਜੀਦਾ, ਸਮਸ਼ੇਰ ਸਿੰਘ ਹਲਕਾ ਇੰਚਾਰਜ ਦੀਨਾਨਗਰ ਮੌਜੂਦ ਸਨ।

