*ਪੰਜਾਬ ਪ੍ਰੈੱਸ ਕਲੱਬ ਦੀ ਚੋਣ ਲੜ ਰਹੇ ਉਮੀਦਵਾਰਾਂ ਨਾਲ ਚੋਣ ਅਧਿਕਾਰੀਆਂ ਦੀ ਮੀਟਿੰਗ*
ਜਲੰਧਰ, 12 ਦਸੰਬਰ(ਮਨਦੀਪ ਕੌਰ):
ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਚੋਣ ਅਧਿਕਾਰੀਆਂ ਵੱਲੋਂ ਕਲੱਬ ਦੀਆਂ ਚੋਣਾਂ ਲੜ ਰਹੇ ਉਮੀਦਵਾਰਾਂ ਨਾਲ ਅੱਜ ਇਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਕਲੱਬ ਦੇ ਚੋਣ ਅਧਿਕਾਰੀ ਡਾ.ਕਮਲੇਸ਼ ਸਿੰਘ ਦੁੱਗਲ, ਡਾ.ਲਖਵਿੰਦਰ ਸਿੰਘ ਜੌਹਲ ਅਤੇ ਕੁਲਦੀਪ ਸਿੰਘ ਬੇਦੀ ਵੱਲੋਂ ਦੱਸਿਆ ਗਿਆ ਕਿ ਚੋਣ ਲੜ ਰਹੇ ਉਮੀਦਵਾਰਾਂ ਲਈ 15 ਦਸੰਬਰ ਨੂੰ ਪੰਜਾਬ ਪ੍ਰੈੱਸ ਕਲੱਬ ਵਿਖੇ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ। ਜਿਸ ਦਾ ਨਤੀਜਾ ਉਸੇ ਦਿਨ ਸ਼ਾਮ ਨੂੰ ਐਲਾਨਿਆ ਜਾਵੇਗਾ। ਕੁੱਲ ਨੌਂ ਅਹੁਦਿਆਂ ਵਿਚੋਂ ਤਿੰਨ ਬਿਨ੍ਹਾਂ ਮੁਕਾਬਲੇ ਜੇਤੂ ਐਲਾਨੇ ਜਾਣ ਤੋਂ ਬਾਅਦ ਹੁਣ ਛੇ ਅਹੁਦਿਆਂ ਪ੍ਰਧਾਨ, ਜਨਰਲ ਸਕੱਤਰ, ਦੋ ਮੀਤ-ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਲਈ ਚੋਣ ਹੋਵੇਗੀ।
ਮੀਟਿੰਗ ਵਿੱਚ ਹੋਏ ਫੈਸਲਿਆਂ ਅਨੁਸਾਰ :-
1.ਪੰਜਾਬ ਪ੍ਰੈੱਸ ਕਲੱਬ ਜਲੰਧਰ ਦੀ ਬਾਹਰਲੀ ਚਾਰਦਵਾਰੀ ਦੇ ਅੰਦਰਲੇ ਹਿੱਸੇ ਵਿੱਚ ਆਪਣਾ ਚੋਣ ਪ੍ਰਚਾਰ ਕਰਨ ਲਈ ਇਕ ਉਮੀਦਵਾਰ ਵੱਧ ਤੋਂ ਵੱਧ 3 ਬੋਰਡ (5 ਫੁੱਟ ਉਚਾਈ×3 ਫੁੱਟ ਚੌੜਾਈ ਦੇ ਸਾਈਜ਼ ਤੱਕ) ਲਗਾ ਸਕਦੇ ਹਨ।
2.ਪ੍ਰਚਾਰ ਲਈ ਵਰਤੀ ਜਾਣ ਵਾਲੀ ਸ਼ਬਦਾਵਾਲੀ ਵਰਤਣ ਵੇਲੇ ਸ਼ਿਸ਼ਟਾਚਾਰ ਕਾਇਮ ਰੱਖਿਆ ਜਾਵੇ।
3.ਚੋਣ ਪ੍ਰਚਾਰ ਲਈ ਲੱਗੀ ਸਮਗਰੀ ਮਿਤੀ 14 ਦਸੰਬਰ ਸ਼ਾਮ 5 ਵਜੇ ਤੋਂ ਪਹਿਲਾਂ ਤੱਕ ਹਟਾਉਣੀ ਜ਼ਰੂਰੀ ਹੈ।
4.ਆਪਣੇ ਚੋਣ ਪ੍ਰਚਾਰ ਲਈ ਸਮਗਰੀ ਲਗਾਉਂਦਿਆਂ ਕਲੱਬ ਦੀ ਕਿਸੇ ਸੰਪਤੀ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ।
5.ਵੋਟਿੰਗ ਦੌਰਾਨ ਉਮੀਦਵਾਰ ਆਪ ਜਾਂ ਉਸਦਾ ਇਕ ਪ੍ਰਤੀਨਿਧ (ਪੋਲਿੰਗ ਏਜੰਟ ਵਜੋਂ) ਅੰਦਰ ਮੌਜੂਦ ਰਹਿ ਸਕਦਾ ਹੈ।
ਚੋਣ ਅਧਿਕਾਰੀਆਂ ਨੇ ਪੰਜਾਬ ਪ੍ਰੈੱਸ ਕਲੱਬ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਚੋਣਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਅਤੇ ਜਮਹੂਰੀ ਕਦਰਾਂ ਕੀਮਤਾਂ ਦਾ ਸਤਿਕਾਰ ਕਰਦੇ ਹੋਏ ਆਪਸੀ ਸਦਭਾਵਨਾ ਬਣਾਈ ਰੱਖਣ।

