ਫ਼ਿਰੋਜ਼ਪੁਰ, 1 ਜੁਲਾਈ:
ਸਿਵਲ ਸਰਜਨ ਦਫ਼ਤਰ ਫ਼ਿਰੋਜ਼ਪੁਰ ਵਿਖੇ ਜਨੇਪੇ ਦੌਰਾਨ ਮਾਤਾਵਾਂ ਦੀ ਮੌਤ ਦੀ ਦਰ ਨੂੰ ਘਟਾਉਣ ਅਤੇ ਮੌਤ ਹੋਣ ਦੇ ਕਾਰਨਾਂ ਦੀ ਸਮੀਖਿਆ ਸਬੰਧੀ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਮਾਨਯੋਗ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਤਹਿਤ ਸ੍ਰੀ ਹਿਮਾਂਸ਼ੂ ਆਈ.ਏ.ਐਸ. (ਅੰਡਰ ਟ੍ਰੇਨਿੰਗ) ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਡਾ. ਮੀਨਾਕਸ਼ੀ ਢੀਂਗਰਾ ਸਿਵਲ ਸਰਜਨ ਫ਼ਿਰੋਜ਼ਪੁਰ,ਡਾ. ਸੁਸ਼ਮਾ ਠੱਕਰ ਸਹਾਇਕ ਸਿਵਲ ਸਰਜਨ ਸਮੇਤ ਵੱਖ-ਵੱਖ ਬਲਾਕਾਂ ਦੇ ਐਸ.ਐਮ.ਓ, ਸਿਵਲ ਹਸਪਤਾਲ ਤੋਂ ਆਏ ਮਾਹਿਰ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ।
ਇਸ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ‘ਤੇ ਗੁਰੂਹਰਸਹਾਏ ਅਤੇ ਕੱਸੂਆਣਾ ਖੇਤਰਾਂ ਵਿੱਚ ਹੋਈਆਂ ਜਣੇਪੇ ਦੌਰਾਨ ਮਾਤਾਵਾਂ ਦੀਆਂ ਮੌਤਾਂ ਦੇ ਕਾਰਨਾਂ ਅਤੇ ਮੌਤ ਦਰ ਸਬੰਧੀ ਬਾਰੀਕੀ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਸ੍ਰੀ ਹਿਮਾਂਸੂ ਆਈ.ਏ.ਐਸ. ਵੱਲੋਂ ਅਧਿਕਾਰੀਆਂ ਨੂੰ ਗਰਭਵਤੀ ਔਰਤਾਂ ਦੀ ਸਿਹਤ ਸੰਭਾਲ ਅਤੇ ਜਣੇਪੇ ਦੌਰਾਨ ਹੋਣ ਵਾਲੀਆਂ ਦਿੱਕਤਾਂ ਨੂੰ ਘਟਾਉਣ ਲਈ ਠੋਸ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ। ਉਹਨਾਂ ਸਟਾਫ਼ ਨੂੰ ਨਿਰਦੇਸ਼ ਦਿੱਤੇ ਕਿ ਗਰਭਵਤੀ ਮਹਿਲਾਵਾਂ ਨੂੰ ਜਲਦ ਤੋਂ ਜਲਦ ਰਜਿਸਟਰ ਕਰਕੇ ਚੈੱਕਅਪ ਕਰਵਾਏ ਜਾਣ ਅਤੇ ਜਣੇਪਾ ਸਰਕਾਰੀ ਹਸਪਤਾਲ ਵਿੱਚ ਕਰਵਾਉਣਾ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਸਰਕਾਰ ਵਲੋ ਲੋਕਾਂ ਦੀ ਸਿਹਤ ਸੰਬੰਧੀ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਆਮ ਲੋਕ ਇਸ ਦਾ ਲਾਭ ਲੈ ਸਕਣ।

