ਮੋਹਾਲੀ: ਐਸ ਕੇ ਸਕਸੈਨਾ
ਹਾਕੀ ਪੰਜਾਬ ਦੇ ਪ੍ਰਧਾਨ ਅਤੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਨਿਤਿਨ ਕੋਹਲੀ ਨੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਿਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੋਹਾਲੀ ਵਿੱਚ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐੱਸਐੱਸਪੀ ਅਤੇ ਹੋਰ ਸੀਨੀਅਰ ਅਧਿਕਾਰੀ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਦੌਰਾਨ ਸੁਰੱਖਿਆ, ਟ੍ਰੈਫਿਕ ਪ੍ਰਬੰਧਨ, ਸਟੇਡੀਅਮ ਦੀਆਂ ਸਹੂਲਤਾਂ, ਦਰਸ਼ਕਾਂ ਦੇ ਪ੍ਰਬੰਧਾਂ ਅਤੇ ਮੈਚਾਂ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਵਿਭਾਗਾਂ ਵਿਚਾਲੇ ਤਾਲਮੇਲ ਬਾਰੇ ਚਰਚਾ ਕੀਤੀ ਗਈ।
27 ਅਕਤੂਬਰ ਤੋਂ 5 ਨਵੰਬਰ ਤੱਕ ਚੱਲ ਰਹੇ ਇਸ ਟੂਰਨਾਮੈਂਟ ਵਿੱਚ ਛੇ ਟੀਮਾਂ ਭਾਰਤ, ਜਾਪਾਨ, ਮਲੇਸ਼ੀਆ, ਦੱਖਣੀ ਕੋਰੀਆ, ਚੀਨ ਅਤੇ ਬੰਗਲਾਦੇਸ਼ ਹਿੱਸਾ ਲੈ ਰਹੀਆਂ ਹਨ। ਲੀਗ ਮੁਕਾਬਲੇ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਖੇਡੇ ਗਏ, ਜਦਕਿ ਨਾਕਆਊਟ ਪੜਾਅ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ।
ਭਾਰਤ ਨੇ ਲੀਗ ਪੜਾਅ ਵਿੱਚ ਲਗਾਤਾਰ ਪੰਜ ਜਿੱਤਾਂ ਦਰਜ ਕਰਦਿਆਂ 15 ਅੰਕਾਂ ਨਾਲ ਅੰਕ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਮੇਜ਼ਬਾਨ ਟੀਮ ਨੇ ਦੱਖਣੀ ਕੋਰੀਆ ਵਿਰੁੱਧ 8-0 ਦੀ ਸ਼ਾਨਦਾਰ ਜਿੱਤ ਨਾਲ ਆਪਣੀ ਲੀਗ ਮੁਹਿੰਮ ਸਮਾਪਤ ਕੀਤੀ।
ਸੈਮੀਫਾਈਨਲ ਮੁਕਾਬਲੇ 4 ਨਵੰਬਰ ਨੂੰ ਹੋਣਗੇ, ਜਿਨ੍ਹਾਂ ਵਿੱਚ ਭਾਰਤ ਦਾ ਸਾਹਮਣਾ ਦੱਖਣੀ ਕੋਰੀਆ ਨਾਲ ਅਤੇ ਜਾਪਾਨ ਦਾ ਮੁਕਾਬਲਾ ਮਲੇਸ਼ੀਆ ਨਾਲ ਹੋਵੇਗਾ। ਕਾਂਸੀ ਦੇ ਤਗਮੇ ਲਈ ਮੁਕਾਬਲਾ ਅਤੇ ਫਾਈਨਲ 5 ਨਵੰਬਰ ਨੂੰ ਕ੍ਰਮਵਾਰ ਸ਼ਾਮ 4:30 ਵਜੇ ਅਤੇ 7 ਵਜੇ ਖੇਡੇ ਜਾਣਗੇ।
ਕੋਹਲੀ ਨੇ ਅੰਤਰਰਾਸ਼ਟਰੀ ਮੁਕਾਬਲੇ ਦੇ ਸਫਲ ਆਯੋਜਨ ਲਈ ਪ੍ਰਸ਼ਾਸਨ ਅਤੇ ਖੇਡ ਸੰਸਥਾਵਾਂ ਵਿਚਾਲੇ ਤਾਲਮੇਲ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਚੈਂਪੀਅਨਸ਼ਿਪ ਪੰਜਾਬ ਲਈ ਮਾਣ ਵਾਲੀ ਗੱਲ ਹੈ ਅਤੇ ਸੂਬੇ ਦੀ ਅਮੀਰ ਹਾਕੀ ਵਿਰਾਸਤ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਦੇ ਨਾਲ-ਨਾਲ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਦਾ ਮੌਕਾ ਵੀ ਹੈ।
ਲੀਗ ਪੜਾਅ ਵਿੱਚ ਭਾਰਤ ਦੇ ਅਜੇਤੂ ਰਹਿਣ ਤੋਂ ਬਾਅਦ ਹੁਣ ਮੋਹਾਲੀ ਵਿੱਚ ਘਰੇਲੂ ਟੀਮ ਦੇ ਸੈਮੀਫਾਈਨਲ ਮੁਕਾਬਲੇ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

