*ਜਸਪ੍ਰੀਤ ਸਿੰਘ ਸੈਣੀ ਚੁਣੇ ਗਏ ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਨਵੇਂ ਪ੍ਰਧਾਨ*
*ਪ੍ਰੋਗਰੈਸਿਵ ਮੀਡੀਆ ਮੰਚ ਦੀ ਹੂੰਝਾ ਫੇਰ ਜਿੱਤ-ਤਿੰਨ ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਜਿੱਤੇ*
*ਪ੍ਰਧਾਨ ਤੇ ਜਨਰਲ ਸਕੱਤਰ ਸਮੇਤ ਸਾਰੇ 9 ਅਹੁਦਿਆਂ ‘ਤੇ ਮੰਚ ਦੇ ਉਮੀਦਵਾਰਾਂ ਦਾ ਕਬਜ਼ਾ*
ਜਲੰਧਰ, 15 ਦਸੰਬਰ ( ਮਨਦੀਪ ਕੌਰ)-
ਅਦਾਰਾ ‘ਅਜੀਤ’ ਦੇ ਸਮਾਚਾਰ ਸੰਪਾਦਕ ਤੇ ਪ੍ਰੋਗਰੈਸਿਵ ਮੀਡੀਆ ਮੰਚ ਦੇ ਉਮੀਦਵਾਰ ਜਸਪ੍ਰੀਤ ਸਿੰਘ ਸੈਣੀ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ ਤੇ ਦੇਰ ਸ਼ਾਮ ਨੂੰ ਉਨ੍ਹਾਂ ਚੋਣ ਅਧਿਕਾਰੀਆਂ ਡਾ. ਲਖਵਿੰਦਰ ਸਿੰਘ ਜੌਹਲ, ਡਾ. ਕਮਲੇਸ਼ ਸਿੰਘ ਦੁੱਗਲ ਤੇ ਕੁਲਦੀਪ ਸਿੰਘ ਬੇਦੀ ਅਤੇ ਸਾਬਕਾ ਪ੍ਰਧਾਨ ਸ੍ਰੀ ਸਤਨਾਮ ਸਿੰਘ ਮਾਣਕ ਦੀ ਮੌਜੂਦਗੀ ‘ਚ ਕਲੱਬ ਦੇ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਜਸਪ੍ਰੀਤ ਸਿੰਘ ਸੈਣੀ ਨੇ ਅੱਜ ਹੋਈਆਂ ਚੋਣਾਂ ਦੌਰਾਨ ਆਪਣੇ ਵਿਰੋਧੀ ਉਮੀਦਵਾਰ ਨੂੰ 306 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਕਲੱਬ ਦੇ ਪ੍ਰਧਾਨ ਦੀ ਚੋਣ ਜਿੱਤੀ। ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਨੂੰ ਕੁੱਲ ਪੋਲ ਹੋਈਆਂ 441 ਵੋਟਾਂ ਵਿਚੋਂ 348 ਵੋਟਾਂ ਪਈਆਂ, ਜਦਕਿ ਉਨ੍ਹਾਂ ਦੇ ਵਿਰੋਧੀ ਦੋਵੇਂ ਉਮੀਦਵਾਰ ਤਿੰਨ ਅੰਕਾਂ ਤੱਕ ਵੀ ਨਹੀਂ ਪਹੁੰਚ ਸਕੇ ਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਜਤਿੰਦਰ ਸ਼ਰਮਾ ਨੂੰ ਕੇਵਲ 42 ਤੇ ਐਸ. ਕੇ. ਸਕਸੈਨਾ ਨੂੰ 35 ਵੋਟਾਂ ਹੀ ਮਿਲੀਆਂ। ਇੱਥੇ ਇਹ ਵੀ ਦੱਸਣਯੋਗ ਹੈ ਕਿ 61 ਵੋਟਾਂ ਰੱਦ ਹੋਈਆਂ। ਓਧਰ ਕਲੱਬ ਦੇ ਨਵੇਂ ਬਣੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਦੀ ਅਗਵਾਈ ਵਾਲੇ ਪ੍ਰੋਗਰੈਸਿਵ ਮੀਡੀਆ ਮੰਚ ਨੇ ਇਨ੍ਹਾਂ ਚੋਣਾਂ ‘ਚ ਹੂੰਝਾ ਫੇਰ ਜਿੱਤ ਹਾਸਿਲ ਕਰਦੇ ਹੋਏ ਸਾਰੇ 9 ਅਹੁਦਿਆਂ ‘ਤੇ ਕਬਜ਼ਾ ਕੀਤਾ ਹੈ। ਹਾਲਾਂਕਿ ਮੰਚ ਦੇ ਤਿੰਨ ਉਮੀਦਵਾਰ ਸ਼ਿਵ ਸ਼ਰਮਾ (ਖ਼ਜ਼ਾਨਚੀ), ਰਾਜੇਸ਼ ਥਾਪਾ (ਸੀਨੀਅਰ ਮੀਤ ਪ੍ਰਧਾਨ) ਤੇ ਤੇਜਿੰਦਰ ਕੌਰ ਥਿੰਦ (ਮੀਤ ਪ੍ਰਧਾਨ) ਪਹਿਲਾਂ ਹੀ ਨਿਰਵਿਰੋਧ ਚੋਣ ਜਿੱਤ ਚੁੱਕੇ ਹਨ, ਜਦਕਿ ਪ੍ਰਧਾਨ ਸਮੇਤ 6 ਅਹੁਦਿਆਂ ਲਈ ਹੋਈਆਂ ਚੋਣਾਂ ‘ਚ ਅੱਜ ਮੰਚ ਦੇ ਉਮੀਦਵਾਰ ਪੁਨੀਤ ਸਹਿਗਲ ਜਨਰਲ ਸਕੱਤਰ, ਮਨਦੀਪ ਸ਼ਰਮਾ ਤੇ ਪਰਮਜੀਤ ਸਿੰਘ ਰੰਗਪੁਰੀ ਮੀਤ ਪ੍ਰਧਾਨ, ਰਾਜੇਸ਼ ਯੋਗੀ ਸਕੱਤਰ ਤੇ ਸੁਕਰਾਂਤ ਸੰਯੁਕਤ ਸਕੱਤਰ ਚੁਣੇ ਗਏ। ਨਵੇਂ ਬਣੇ ਜਨਰਲ ਸਕੱਤਰ ਪੁਨੀਤ ਸਹਿਗਲ ਨੂੰ 348 ਵੋਟਾਂ ਪਈਆਂ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਜਤਿੰਦਰ ਸ਼ਰਮਾ ਨੂੰ ਕੇਵਲ 77 ਵੋਟਾਂ ਹੀ ਮਿਲੀਆਂ। ਇਸੇ ਤਰ੍ਹਾਂ ਮੀਤ ਪ੍ਰਧਾਨ ਚੁਣੇ ਗਏ ਮਨਦੀਪ ਸ਼ਰਮਾ ਨੂੰ 319 ਤੇ ਪਰਮਜੀਤ ਸਿੰਘ ਨੂੰ 285 ਵੋਟਾਂ ਪਈਆਂ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਜਤਿੰਦਰ ਕੁਮਾਰ ਸ਼ਰਮਾ ਨੂੰ 77, ਸਕੱਤਰ ਚੁਣੇ ਗਏ ਰਾਜੇਸ਼ ਸ਼ਰਮਾ ਯੋਗੀ ਨੂੰ 363 ਵੋਟਾਂ ਪਈਆਂ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਅਮਰਜੀਤ ਸਿੰਘ ਨੂੰ 61 ਵੋਟਾਂ ਹੀ ਮਿਲ ਸਕੀਆਂ। ਇਸੇ ਤਰ੍ਹਾਂ ਸੰਯੁਕਤ ਸਕੱਤਰ ਚੁਣੇ ਗਏ ਸੁਕਰਾਂਤ ਨੂੰ 305 ਵੋਟਾਂ ਪਈਆਂ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਨਰਿੰਦਰ ਗੁਪਤਾ ਨੂੰ 120 ਵੋਟਾਂ ਮਿਲੀਆਂ। ਇੱਥੇ ਦੱਸਣਯੋਗ ਹੈ ਕਿ ਪੰਜਾਬ ਪ੍ਰੈੱਸ ਕਲੱਬ ਦੀ ਪ੍ਰਧਾਨਗੀ ਲਈ ਅੱਜ ਵੋਟਾਂ ਪਾਉਣ ਦਾ ਅਮਲ ਰਿਟਰਨਿੰਗ ਅਧਿਕਾਰੀਆਂ ਡਾ. ਲਖਵਿੰਦਰ ਸਿੰਘ ਜੌਹਲ, ਡਾ. ਕਮਲੇਸ਼ ਸਿੰਘ ਦੁੱਗਲ ਤੇ ਕੁਲਦੀਪ ਸਿੰਘ ਬੇਦੀ ਦੀ ਦੇਖ ਰੇਖ ਹੇਠ ਸਵੇਰੇ 9 ਵਜੇ ਸ਼ੁਰੂ ਹੋਇਆ, ਜੋ ਬਾਅਦ ਦੁਪਹਿਰ 3 ਵਜੇ ਤੱਕ ਚੱਲ ਚੱਲਿਆ। ਦੇਰ ਸ਼ਾਮ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਚੋਣ ਅਧਿਕਾਰੀਆਂ ਵਲੋਂ ਨਤੀਜੇ ਐਲਾਨੇ ਗਏ ਤੇ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਤੋਂ ਪਹਿਲਾਂ ਕਲੱਬ ਦੇ ਮੈਂਬਰਾਂ ਵਲੋਂ ਨਤੀਜਿਆਂ ਦੀ ਕਰੀਬ ਤਿੰਨ ਘੰਟੇ ਬੇਸਬਰੀ ਨਾਲ ਉਡੀਕ ਕੀਤੀ ਗਏ ਤੇ ਜਿਉਂ ਹੀ ਪ੍ਰੋਗਰੈਸਿਵ ਮੀਡੀਆ ਮੰਚ ਦੇ ਜੇਤੂ ਉਮੀਦਵਾਰ ਜਸਪ੍ਰੀਤ ਸਿੰਘ ਸੈਣੀ ਦੀ ਅਗਵਾਈ ਹੇਠ ਕਾਨਫਰੰਸ ਹਾਲ ਤੋਂ ਬਾਹਰ ਆਏ ਤਾਂ ਉਨ੍ਹਾਂ ਦੇ ਸਮਰਥਕਾਂ ਵਲੋਂ ਉਨ੍ਹਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਗਿਆ ਤੇ ਢੋਲ ਦੀ ਥਾਪ ‘ਤੇ ਭੰਗੜੇ ਪਾ ਕੇ ਜਿੱਤ ਦੇ ਜਸ਼ਨ ਮਨਾਏ ਗਏ। ਬਾਅਦ ‘ਚ ਜੇਤੂ ਟੀਮ ਵਲੋਂ ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਵੀ ਮੁਲਾਕਾਤ ਕਰਕੇ ਉਨ੍ਹਾਂ ਕੋਲੋਂ ਆਸ਼ੀਰਵਾਦ ਲਿਆ ਗਿਆ। ਇਸ ਮੌਕੇ ਡਾ.ਹਮਦਰਦ ਨੇ ਜੇਤੂ ਟੀਮ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
*ਫੋਟੋ ਕੈਪਸ਼ਨ*
ਪੰਜਾਬ ਪ੍ਰੈੱਸ ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ, ਚੋਣ ਅਧਿਕਾਰੀ ਡਾ. ਲਖਵਿੰਦਰ ਸਿੰਘ ਜੌਹਲ, ਡਾ. ਕਮਲੇਸ਼ ਸਿੰਘ ਦੁੱਗਲ ਤੇ ਕੁਲਦੀਪ ਸਿੰਘ ਬੇਦੀ ਅਤੇ ਸਾਬਕਾ ਪਧ੍ਰਾਨ ਸਤਨਾਮ ਸਿੰਘ ਮਾਣਕ ਦੀ ਮੌਜੂਦੀ ‘ਚ ਪ੍ਰਧਾਨ ਦਾ ਅਹੁਦਾ ਸੰਭਾਲਦੇ ਹੋਏ, ਨਾਲ ਨਵੇਂ ਚੁਣੇ ਗਏ ਅਹੁਦੇਦਾਰ ਸ਼ਿਵ ਸ਼ਰਮਾ, ਰਾਜੇਸ਼ ਥਾਪਾ, ਸੁਕਰਾਂਤ, ਪੁਨੀਤ ਸਹਿਗਲ, ਰਾਜੇਸ਼ ਯੋਗੀ, ਪਰਮਜੀਤ ਸਿੰਘ ਰੰਗਪੁਰੀ ਤੇ ਸੁਕਰਾਂਤ, ਮੈਨੇਜਰ ਜਤਿੰਦਰਪਾਲ ਸਿੰਘ।

