ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਮਿਤੀ 6 ਤੋਂ 14 ਜੁਲਾਈ, 2026 ਤੱਕ “ਰਵਾਇਤੀ ਅਤੇ ਆਧੁਨਿਕ ਤਕਨੀਕਾਂ ਦੁਆਰਾ ਕੱਪੜੇ ਦੀ ਸਜਾਵਟ” ਸਬੰਧੀ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਸਿਖਲਾਈ ਵਿੱਚ 24 ਪੇਂਡੂ ਔਰਤਾਂ ਅਤੇ ਕਾਲਜ ਜਾਣ ਵਾਲੀਆਂ ਕੁੜੀਆਂ ਦੀ ਭਰਵੀਂ ਸ਼ਮੂਲੀਅਤ ਦੇਖੀ ਗਈ ਜੋ ਕਿ ਫੈਬਰਿਕ ਡਿਜ਼ਾਈਨ ਅਤੇ ਸਜਾਵਟ ਵਿੱਚ ਆਪਣੇ ਹੁਨਰ ਨੂੰ ਵਧਾਉਣ ਲਈ ਤਤਪਰ ਸਨ।
ਕ੍ਰਿਸ਼ੀ ਵਿਗਿਆਨ ਕੇਂਦਰ, ਸ਼ਹੀਦ ਭਗਤ ਸਿੰਘ ਨਗਰ ਤੋਂ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਡਾ. ਰਜਿੰਦਰ ਕੌਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਰੂਪਨਗਰ ਤੋਂ ਪੋ੍ਰਗਰਾਮ ਸਹਾਇਕ (ਲੈਬ ਟੈਕਨੀਸ਼ੀਅਨ), ਸ਼੍ਰੀਮਤੀ ਮਨਪ੍ਰੀਤ ਕੌਰ ਨੇ ਕੱਪੜਿਆਂ ਦੀ ਸਜਾਵਟ ਵਿੱਚ ਮੁਹਾਰਤ ਹਾਸਲ ਕਰਨ ਲਈ ਪ੍ਰੈਕਟੀਕਲ ਅਤੇ ਸਿਧਾਂਤਕ ਸੈਸ਼ਨਾਂ ਰਾਹੀ ਵੱਖ-ਵੱਖ ਵਿਸ਼ਿਆਂ ਤੇ ਜਾਣਕਾਰੀ ਦਿੱਤੀ।ਸਿਖਿਆਰਥੀਆਂ ਨੂੰ ਸਿਲਾਈ ਤਕਨੀਕਾਂ ਦੇ ਨਾਲ-ਨਾਲ ਹੱਥ ਦੀ ਕਢਾਈ ਦੇ ਮੁਢਲੇ ਟਾਂਕਿਆਂ ਬਾਰੇ ਵੀ ਸਿਖਾਇਆ ਗਿਆ।ਇਸ ਤੋਂ ਇਲਾਵਾ ਬਲਾਕ ਪ੍ਰਿੰਟਿੰਗ, ਟਾਈ-ਡਾਈ, ਅਤੇ ਸਟੈਂਸਿਲ ਪੇਂਟਿੰਗ ਵਰਗੀਆਂ ਆਧੁਨਿਕ ਤਕਨੀਕਾਂ ਦਾ ਵੀ ਪ੍ਰਦਰਸ਼ਨ ਕੀਤਾ ਗਿਆ।ਮਾਹਿਰਾਂ ਨੇ ਦੱਸਿਆ ਕਿ ਕਿਵੇਂ ਪੇਂਡੂ ਔਰਤਾਂ ਅਤੇ ਕੁੜੀਆਂ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਫੈਸ਼ਨ ਡਿਜ਼ਾਈਨਿੰਗ ਵਿੱਚ ਆਪਣੇ ਨਵੇਂ ਹਾਸਲ ਕੀਤੇ ਹੁਨਰਾਂ ਦਾ ਲਾਭ ਉਠਾ ਸਕਦੀਆਂ ਹਨ।
ਪ੍ਰੋਗਰਾਮ ਦੇ ਅਖੀਰਲੇ ਦਿਨ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਡਾ. ਮਨਿੰਦਰ ਸਿੰਘ ਬੌਂਸ ਨੇ ਸਿਖਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਹੁਨਰ ਵਿਕਾਸ ਰਾਹੀਂ ਔਰਤਾਂ ਨੂੰ ਸਸ਼ਕਤ ਬਣਾਉਣਾ, ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣਾ ਅਤੇ ਉੱਦਮਤਾ ਰਾਹੀਂ ਆਰਥਿਕ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਨਾ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ), ਡਾ. ਪ੍ਰਭਜੋਤ ਕੌਰ ਦੀ ਦੇਖ-ਰੇਖ ਅਧੀਨ ਸਿਖਿਆਰਥੀਆਂ ਨੇ ਸਿਖਲਾਈ ਦੌਰਾਨ ਹਾਸਲ ਕੀਤੇ ਹੁਨਰਾਂ ਦਾ ਪ੍ਰਯੋਗ ਕਰਦੇ ਹੋਏ, ਕਈ ਤਰ੍ਹਾਂ ਦੇ ਸੁੰਦਰ ਢੰਗ ਨਾਲ ਤਿਆਰ ਕੀਤੇ ਕੱਪੜਿਆਂ ਦੇ ਸਜਾਵਟੀ ਉਤਪਾਦ ਉਤਸ਼ਾਹ ਨਾਲ ਪ੍ਰਦਰਸ਼ਿਤ ਕੀਤੇ।

