ਗੁਰਦਾਸਪੁਰ, 24 ਜੁਲਾਈ (ਸੋਨੂੰ ਸਮਯਾਲ)
ਕਮਾਂਡਰ ਬਲਜਿੰਦਰ ਵਿਰਕ (ਸੇਵਾਮੁਕਤ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਗੁਰਦਾਸਪੁਰ ਵੱਲੋਂ ਦੱਸਿਆ ਗਿਆ ਕਿ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਵੱਲੋਂ ਪੰਜਾਬ ਅਮਲਗਾਮੇਟਿਡ ਫੰਡ ਵਿਚੋਂ ਚਲਾਈਆਂ ਜਾ ਰਹੀਆਂ ਭਲਾਈ ਸ਼ਕੀਮਾਂ ਤਹਿਤ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਲਈ ਵਿਸ਼ੇਸ਼ ਸ਼ਕਾਲਰਸ਼ਿਪ ਸਕੀਮ ਚਲਾਈ ਗਈ ਹੈ। ਜਿਸ ਤਹਿਤ ਹਵਲਦਾਰ ਰੈਂਕ ਤੱਕ ਦੇ ਸਾਬਕਾ ਸੈਨਿਕਾਂ (ਪੈਨਸ਼ਨਰ/ਨਾਨ ਪੈਨਸ਼ਨਰ) ਦੇ ਪ੍ਰਤਿਭਾਸ਼ਾਲੀ ਬੱਚਿਆਂ ਲਈ 10ਵੀਂ ਜਮਾਤ ਵਿੱਚੋਂ 95% ਅਤੇ ਉਸ ਤੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀ ਨੂੰ 5,000 ਰੁਪਏ, 12ਵੀਂ ਜਮਾਤ ਵਿੱਚ 90% ਅਤੇ ਉਸ ਤੋਂ ਵੱਧ ਨੰ. ਲੈਣ ਵਾਲੇ ਵਿਦਿਆਰਥੀਆਂ ਨੂੰ 10,000 ਰੁਪਏ ਗ੍ਰੇਜੂਏਸ਼ਨ (BA/BSC/B Com/B Tech/BCA) ਵਿੱਚ 85% ਅਤੇ ਉਸ ਤੋ ਵੱਧ ਨੰਬਰ ਲੈਣ ਵਾਲੇ ਵਿਦਿਆਰਥੀ ਨੂੰ 20,000 ਰੁਪਏ ਅਤੇ ਪੋਸਟ ਗ੍ਰੈਜੁਏਸ਼ਨ (MA/MSc/M Com/M Tech/MCA) ਵਿੱਚ 80% ਅਤੇ ਉਸ ਤੋਂ ਵੱਧ ਨੰ੫ਰ ਲੈਣ ਵਾਲੇ ਵਿਦਿਆਰਥੀ ਨੂੰ 30,000 ਰੁਪਏ ਦੇਣ ਦਾ ਉਪਬੰਧ ਕੀਤਾ ਗਿਆ ਹੈ। ਲਾਭ ਪਾਤਰੀ ਵੱਲੋਂ ਇਹ ਲਾਭ ਹੋਰ ਕਿਸੇ ਸੰਸਥਾ ਵੱਲੋਂ ਪ੍ਰਾਪਤ ਨਾ ਕੀਤਾ ਹੋਵੇ।
ਉਨ੍ਹਾਂ ਦੱਸਿਆ ਕਿ ਇਹ ਲਾਭ ਪ੍ਰਾਪਤ ਕਰਨ ਲਈ ਬਿਨੈਕਾਰ ਵੱਲੋਂ ਆਪਣੀ ਪ੍ਰਤੀਬੇਨਤੀ ਲੋੜੀਂਦੇ ਦਸਤਾਵੇਜਾਂ ਸਹਿਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਰਾਹੀਂ ਪ੍ਰੋਸੈਸ ਕਰਵਾਈ ਜਾਵੇਗੀ। ਲੋੜੀਂਦੇ ਦਸਤਾਵੇਜਾਂ ਸਬੰਧੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਗੁਰਦਾਸਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

