ਹੁਸ਼ਿਆਰਪੁਰ, 8 ਸਤੰਬਰ :
ਰਾਣਾ ਹਾਕੀ ਅਕਾਦਮੀ ਵੱਲੋਂ ਹਾਕੀ ਦੀ ਖੇਡ ਨੂੰ ਬੜ੍ਹਾਵਾ ਦੇਣ ਦੇ ਉਦੇਸ਼ ਨਾਲ ਇਕ ਪ੍ਰਦਰਸ਼ਨੀ ਮੈਚ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ’ਤੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਮੁੱਖ ਮਹਿਮਾਨ ਵਜੋਂ ਮੌਜੂਦ ਹੋ ਕੇ ਖਿਡਾਰੀਆਂ ਨੂੰ ਖੇਡਾਂ ਨਾਲ ਜੁੜੇ ਰਹਿਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਾ ਕੇਵਲ ਸਰੀਰਕ ਰੂਪ ਵਿਚ ਫਿੱਟ ਰੱਖਦੀਆਂ ਹਨ, ਬਲਕਿ ਮਾਨਸਿਕ ਰੂਪ ਤੋਂ ਵੀ ਮਜ਼ਬੂਤ ਬਣਾਉਂਦੀਆਂ ਹਨ।
ਕੈਬਨਿਟ ਮੰਤਰੀ ਨੇ ਖਿਡਾਰੀਆਂ ਅਤੇ ਆਯੋਜਕਾਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਘੋਸ਼ਣਾ ਕੀਤੀ ਕਿ ਖੇਡ ਮੈਦਾਨ ਦੀ ਦੇਖਰੇਖ ਲਈ ਜਿਨ੍ਹਾਂ ਉਪਕਰਨਾਂ ਦੀ ਜ਼ਰੂਰਤ ਹੋਵੇਗੀ, ਉਨ੍ਹਾਂ ਨੂੰ ਜਲਦ ਹੀ ਉਪਲਬੱਧ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਮੈਦਾਨ ਦੀ ਮੈਟੀਨੈਂਸ ਲਈ 50 ਰੁਪਏ ਦੀ ਗਰਾਂਟ ਰਾਸ਼ੀ ਦੇਣ ਦੀ ਘੋਸ਼ਣਾ ਵੀ ਕੀਤੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਖੇਡ ਮੈਦਾਨ ਦੀ ਬਾਊਂਡਰੀਵਾਲ ਨੂੰ ਊਚਾ ਕੀਤਾ ਜਾਵੇਗਾ ਅਤੇ ਖਾਲੀ ਪਈ ਜਮੀਨ ਨੂੰ ਪਾਰਕ ਦੇ ਰੂਪ ਵਿਚ ਵਿਕਸਿਤ ਕੀਤਾ ਜਾਵੇਗਾ। ਇਸ ਪਾਰਕ ਵਿਚ ਇਕ ਓਪਨ ਜਿੰਮ ਵੀ ਬਣਾਇਆ ਜਾਵੇਗਾ, ਜਿਸ ਨਾਲ ਇਸ ਜਗ੍ਹਾ ਨੂੰ ਲੋਕਾਂ ਦੇ ਸਿਹਤ ਲਾਭ ਲਈ ਉਪਯੋਗੀ ਬਣਾਇਆ ਜਾ ਸਕੇ। ਉਨ੍ਹਾਂ ਰਾਣਾ ਹਾਕੀ ਅਕਾਦਮੀ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ ਅਤੇ ਸਕੱਤਰ ਸੰਦੀਪ ਸ਼ਰਮਾ ਵਲੋਂ ਹਾਕੀ ਦੇ ਖੇਡ ਨੂੰ ਬੜ੍ਹਾਵਾ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਅਕਾਦਮੀ ਜਿਸ ਤਰ੍ਹਾਂ ਨਾਲ ਨੌਜ਼ਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰ ਰਹੀ ਹੈ, ਉਹ ਸ਼ਲਾਘਾਯੋਗ ਹੈ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਰਾਜ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਹੋਰ ਵੱਧ ਆਕਰਸ਼ਿਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਭਵਿੱਖ ਵਿਚ ਇਸ ਤਰ੍ਹਾਂ ਦੇ ਹੋਰ ਆਯੋਜਨ ਕੀਤੇ ਜਾਣਗੇ, ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵਿਚ ਬੇਹਤਰ ਮੌਕੇ ਮਿਲ ਸਕਣ।
ਇਸ ਮੌਕੇ ਰਣਜੀਤ ਸਿੰਘ ਰਾਣਾ ਨੇ ਕੈਬਨਿਟ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਅਕਾਦਮੀ ਦੇ ਕਈ ਬੱਚਿਆਂ ਦੀ ਚੋਣ ਵੱਖ-ਵੱਖ ਪ੍ਰਮੁੱਖ ਹਾਕੀ ਅਕਾਦਮੀਆਂ ਵਿਚ ਹੋਈ ਹੈ। ਉਨ੍ਹਾਂ ਖੇਡ ਨਾਲ ਜੁੜੀਆਂ ਸੁਵਿਧਾਵਾਂ ਅਤੇ ਸਮੱਗਰੀ ਦੀ ਉਪਲਬੱਧਤਾ ਦੀ ਮੰਗ ਵੀ ਰੱਖੀ, ਜਿਸ ਨੂੰ ਕੈਬਨਿਟ ਮੰਤਰੀ ਨੇ ਖੁਸ਼ੀ ਨਾਲ ਸਵੀਕਾਰ ਕੀਤਾ।
ਪ੍ਰਦਰਸ਼ਨੀ ਮੈਚ ਵਿਚ ਰਾਣਾ ਹਾਕੀ ਅਕਾਦਮੀ ਅਤੇ ਕੋਟਲਾ ਨੂਰਪੁਰ ਦੀਆਂ ਟੀਮਾਂ ਦਰਮਿਆਨ ਰੌਮਾਂਚਿਕ ਮੁਕਾਬਲਾ ਹੋਇਆ, ਜਿਸ ਵਿਚ ਕੋਟਲਾ ਨੂਰਪੁਰ ਦੀ ਟੀਮ ਨੇ ਜਿੱਤ ਹਾਸਲ ਕੀਤੀ। ਇਸ ਮੌਕੇ ਮੌਜੂਦ ਪਤਵੰਤੇ ਵਿਅਕਤੀਆਂ ਵਿਚ ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਹੁੰਦਲ, ਸਾਬਕਾ ਬੈਂਕ ਅਫ਼ਸਰ ਪ੍ਰੀਤਮ ਦਾਸ, ਕੁਲਵਿੰਦਰ ਬੱਬੂ, ਦਿਲਬਾਗ ਬਾਗੀ, ਰੋਹਿਤ ਵਰਮਾ, ਕੋਚ ਵਿਜੇ ਕੁਮਾਰ, ਸੋਢੀ, ਗੁਰਵਿੰਦਰ ਸਿੰਘ ਲਾਡੀ, ਨੰਨਾ, ਲਾਲ ਸਿੰਘ, ਸੰਦੀਪ ਕੁਮਾਰ ਅਤੇ ਡਿੰਪਲ ਕੁਮਾਰ ਪ੍ਰਮੁੱਖ ਸਨ।