ਹੁਸ਼ਿਆਰਪੁਰ ਦੇ ਪਿੰਡ ਭਾਨੋਕੇ ਵਿੱਚ ਵਾਪਰੀ ਦਰਦਨਾਕ ਘਟਨਾ ਪੰਜਾਬ ਦੀ ਫੇਲ ਹੋ ਚੁੱਕੀ ਕਾਨੂੰਨ ਵਿਵਸਥਾ ਦਾ ਨਤੀਜਾ – ਗਿਆਨੀ ਹਰਪ੍ਰੀਤ ਸਿੰਘ
ਸਰਕਾਰ ਤੁਰੰਤ ਸਰਬ ਪਾਰਟੀ ਮੀਟਿੰਗ ਬੁਲਾਵੇ, ਗੈਰ ਪੰਜਾਬੀਆਂ ਤੇ ਜ਼ਮੀਨ ਖਰੀਦਣ ਤੇ ਪਾਬੰਦੀ ਸਮੇਤ ਨਿਰਣਾਇਕ ਕਦਮ ਚੁੱਕਣ ਦੀ ਲੋੜ
ਕੁਝ ਲੋਕਾਂ ਦਾ ਕ੍ਰਾਈਮ ਰਿਕਾਰਡ ਸਮਾਜਿਕ ਰਿਸ਼ਤਿਆਂ ਨੂੰ ਤੋੜਨ ਲਈ ਬਣਿਆ ਜ਼ਿੰਮੇਵਾਰ
ਚੰਡੀਗੜ੍ਹ (ਪੰਕਜ) ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਭਾਨੋਕੇ ਵਿੱਚ ਵਾਪਰੀ ਦਰਦਨਾਕ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਾਰੀ ਬਿਆਨ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਨੇ ਸਾਡੇ ਸਮਾਜਿਕ ਰਿਸ਼ਤਿਆਂ ਵਿੱਚ ਜ਼ਹਿਰ ਘੋਲਣ ਦਾ ਕੰਮ ਕੀਤਾ ਹੈ। ਅਜਿਹੀਆਂ ਘਟਨਾਵਾਂ ਕਿਸੇ ਵੀ ਸੂਬੇ ਦੀ ਅਮਨ ਸ਼ਾਂਤੀ ਅਤੇ ਭਾਈਚਾਰੇ ਲਈ ਖਤਰਨਾਕ ਸਾਬਿਤ ਹੁੰਦੀਆਂ ਹਨ।
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ,ਪੰਜ ਸਾਲ ਦੇ ਮਾਸੂਮ ਬੱਚੇ ਹਰਵੀਰ ਨਾਲ ਜਿਸ ਦਰਿੰਦਗੀ ਭਰੀ ਵਹਿਸ਼ਿਆਨਾ ਹਰਕਤ ਕੀਤੀ ਗਈ ਹੈ, ਉਸ ਨੇ ਸਮੂਹ ਪੰਜਾਬੀਆਂ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਓਹਨਾ ਕਿਹਾ ਕਿ ਹਰਵੀਰ ਨੂੰ ਇਨਸਾਫ ਜਰੂਰ ਮਿਲੇਗਾ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਮਿਲੇ, ਇਸ ਲਈ ਅਸੀਂ ਸਾਰੇ ਇਕਜੁਟ ਹੋਕੇ ਪਰਿਵਾਰ ਦੇ ਨਾਲ ਖੜੇ ਹਾਂ।
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੀ ਕਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਫੇਲ ਹੋ ਚੁੱਕੀ ਹੈ। ਅੱਜ ਪੰਜਾਬੀਆਂ ਵਿੱਚ ਇਸ ਘਟਨਾਂ ਤੋਂ ਬਾਅਦ ਡਰ ਅਤੇ ਸਹਿਮ ਦਾ ਮਾਹੌਲ ਬਣ ਚੁੱਕਾ ਹੈ। ਸਮਾਜ ਵਿੱਚ ਪ੍ਰਵਾਸੀਆਂ ਅਤੇ ਪੰਜਾਬੀਆਂ ਵਿੱਚ ਤਲਖ਼ ਭਰਿਆ ਮਾਹੌਲ ਬਣ ਚੁੱਕਾ ਹੈ।
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸਰਕਾਰ ਨੂੰ ਅਜਿਹੇ ਕ੍ਰਾਈਮ ਰਿਕਾਰਡ ਵਾਲੇ ਵਿਅਕਤੀਆਂ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਸਰਕਾਰ ਵਲੋ ਇਹ ਯਕੀਨੀ ਬਣਾਇਆ ਬਣੇ ਕਿ ਰੁਜ਼ਗਾਰ ਲਈ ਆਏ ਲੋਕਾਂ ਦਾ ਕ੍ਰਾਈਮ ਰਿਕਾਰਡ ਵੈਰੀਫਿਕੇਸ਼ਨ ਜਰੂਰ ਵੇਖਿਆ ਜਾਵੇ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਤੁਰੰਤ ਸਰਬ ਪਾਰਟੀ ਮੀਟਿੰਗ ਬੁਲਾਵੇ, ਗੈਰ ਪੰਜਾਬੀਆਂ ਤੇ ਜ਼ਮੀਨ ਖਰੀਦਣ ਤੇ ਪਾਬੰਦੀ ਸਮੇਤ ਹੋਰ ਨਿਰਣਾਇਕ ਕਦਮ ਚੁੱਕੇ ਜਾਣ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਕੋਈ ਠੋਸ ਕਦਮ ਨਹੀਂ ਚੁੱਕਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਪਾਰਟੀ ਲੀਡਰਸ਼ਿਪ ਨਾਲ ਹਰ ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਦਰ ਤੇ ਜਾਕੇ ਸੂਬਾ ਸਰਕਾਰ ਨੂੰ ਜਰੂਰੀ ਕਦਮ ਪੁੱਟਣ ਲਈ ਮਜਬੂਰ ਕਰਨਗੇ।